ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਹੋਏ। ਦਰਅਸਲ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, 'ਆਪ' ਦੇ ਪੰਜਾਬ ਇੰਚਾਰਜ ਸੰਜੇ ਸਿੰਘ ਤੇ 'ਆਪ' ਲੀਡਰ ਅਸ਼ੀਸ਼ ਖੇਤਾਨ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਵਾਇਆ ਹੈ। ਅੱਜ ਅਦਾਲਤ 'ਚ ਮੁਦੱਈ ਵਜੋਂ ਪੇਸ਼ ਹੋਏ ਮਜੀਠੀਆ ਨੇ ਮਾਮਲੇ 'ਤੇ ਜਲਦ ਬਹਿਸ ਕਰਵਾਏ ਜਾਣ ਦੀ ਅਪੀਲ ਕੀਤੀ। ਹਾਲਾਂਕਿ ਕੇਜਰੀਵਾਲ, ਅਸ਼ੀਸ਼ ਖੇਤਾਨ ਤੇ ਸੰਜੇ ਸਿੰਘ ਅੱਜ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਅਦਾਲਤ 'ਚ ਅਰਜੀ ਦਾਇਰ ਕਰ ਪੇਸ਼ੀ ਦੀ ਛੋਟ ਮੰਗੀ ਹੋਈ ਹੈ। ਮਾਮਲੇ ਦੀ ਅਗਲੀ ਸੁਣਵਾਈ 1 ਨਵੰਬਰ ਨੂੰ ਹੋਵੇਗੀ।
ਅੰਮ੍ਰਿਤਸਰ ਦੀ ਜਿਲ੍ਹਾ ਅਦਾਲਤ 'ਚ ਮਾਮਲੇ ਦੀ ਤਾਰੀਖ ਪੇਸ਼ੀ ਤੋਂ ਬਾਅਦ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਸਮੇਤ' ਆਪ' ਲੀਡਰਾਂ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਹ ਤਿੰਨੇ ਹੀ ਗੰਦੀ ਰਾਜਨੀਤੀ ਕਰਦੇ ਹਨ। ਮਜੀਠੀਆ ਨੇ ਕਿਹਾ ਕਿ ਕੇਜਰੀਵਾਲ, ਸੰਜੇ ਸਿੰਘ ਤੇ ਖੇਤਾਨ ਇਸ ਮਾਮਲੇ ਨੂੰ ਲਟਕਾਉਣਾ ਚਾਹੁੰਦੇ ਹਨ, ਇਸ ਲਈ ਉਹ ਅਦਾਲਤ 'ਚ ਪੇਸ਼ ਨਹੀਂ ਹੋ ਰਹੇ। ਇੱਥੇ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ 'ਤੇ ਭਰੋਸਾ ਹੈ ਤੇ ਮਾਮਲੇ ਦਾ ਫੈਸਲਾ ਉਨ੍ਹਾਂ ਦੇ ਹੱਕ 'ਚ ਹੀ ਆਏਗਾ।