ਹੁਸ਼ਿਆਰਪੁਰ: ਜਿਲ੍ਹੇ ਦੇ ਕਸਬਾ ਟਾਂਡਾ ਉੜਮੁੜ ਨੇੜਲੇ ਪਿੰਡ ਖੁੱਡਾ 'ਚ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਗਿਆ। ਕਤਲ ਦਾ ਇਲਜ਼ਾਮ ਪ੍ਰਵਾਸੀ ਮਜਦੂਰਾਂ 'ਤੇ ਲੱਗਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।

 

 

ਜਾਣਕਾਰੀ ਮੁਤਾਬਕ 24 ਸਾਲਾ ਅਰਵਿੰਦਰ ਸਿੰਘ ਪਲੰਬਰ ਵਜੋਂ ਕੰਮ ਕਰਦਾ ਸੀ। ਉਹ ਖੁੱਡਾ ਪਿੰਡ 'ਚ ਖੇਤਾਂ 'ਚ ਬਣ ਰਹੀ ਇੱਕ ਕੋਠੀ ਦਾ ਕੰਮ ਕਰ ਰਿਹਾ ਸੀ। ਇਸੇ ਕੋਠੀ 'ਚ ਹੋਰ ਵੀ 10-15 ਪ੍ਰਵਾਸੀ ਮਜਦੂਰ ਕੰਮ ਕਰ ਰਹੇ ਸਨ। ਕੋਠੀ ਦੇ ਮਾਲਕ ਮੁਤਾਬਕ ਮ੍ਰਿਤਕ ਅਰਵਿੰਦਰ ਦਾ ਕੱਲ੍ਹ ਮੋਬਾਈਲ ਨੂੰ ਲੈ ਕੇ ਦੂਸਰੇ ਪ੍ਰਵਾਸੀ ਮਜਦੂਰਾਂ ਨਾਲ ਝਗੜਾ ਹੋਇਆ ਸੀ। ਹਾਲਾਂਕਿ ਉਸ ਵੇਲੇ ਇਹਨਾਂ ਦਾ ਝਗੜਾ ਖਤਮ ਵੀ ਹੋ ਗਿਆ ਸੀ।

 

 

ਅੱਜ ਸਵੇਰੇ ਜਦ ਕੋਠੀ ਦਾ ਮਾਲਕ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਕੋਈ ਵੀ ਮਜਦੂਰ ਮੌਜੂਦ ਨਹੀਂ ਸੀ। ਸ਼ੱਕ ਹੋਣ 'ਤੇ ਆਸ ਪਾਸ ਦੇਖਿਆ ਤਾਂ ਖੇਤਾਂ 'ਚ ਬਣੇ ਕੋਠੇ 'ਚ ਖੂਨ ਦੇ ਨਿਸ਼ਾਨ ਨਜ਼ਰ ਆਏ। ਇਸ 'ਤੇ ਨੇੜੇ ਦੇ ਗੰਨੇ ਦੇ ਖੇਤ 'ਚ ਜਾ ਕੇ ਦੇਖਿਆ ਤਾਂ ਅਰਵਿੰਦਰ ਦਾ ਸਿਰ ਪਿਆ ਸੀ। ਉਸ ਦਾ ਧੜ ਅਲੱਗ ਪਿਆ ਸੀ। ਕੋਠੀ ਦੇ ਮਾਲਕ ਨੇ ਤੁਰੰਤ ਇਸ ਦੀ ਜਾਣਕਾਰੀ ਮ੍ਰਿਤਕ ਦੇ ਪਰਿਵਾਰ ਨੂੰ ਤੇ ਪੁਲਿਸ ਨੂੰ ਦਿੱਤੀ।

 

 

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੇ ਭਰਾ ਦੇ ਬਿਆਨ ਦਾ ਅਧਾਰ 'ਤੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਪਰ ਅਜੇ ਤੱਕ ਕੋਈ ਵੀ ਮੁਲਜ਼ਮ ਪੁਲਿਸ ਦੀ ਗ੍ਰਿਫਤ 'ਚ ਨਹੀਂ ਆਇਆ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।