ਚੰਡੀਗੜ੍ਹ: ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਇੰਨੀ ਵਧ ਗਈ ਹੈ ਕਿ ਲੋਕ ਬੱਚਿਆਂ ਨੂੰ ਬਾਹਰ ਨਿਕਲਣ ਦੇਣ ਤੋਂ ਡਰ ਰਹੇ ਹਨ। ਅਬੋਹਰ ਨੇੜਲੇ ਪਿੰਡ ਸ਼ੇਰਗੜ੍ਹ ਵਿੱਚ ਬੀਤੇ ਦਿਨ ਆਵਾਰਾ ਕੁੱਤਿਆਂ ਨੇ ਇੱਕ ਸਾਲਾ ਬੱਚੇ ਨੂੰ ਨੋਚ-ਨੋਚ ਕੇ ਖਾ ਲਿਆ। ਇਸ ਮਗਰੋਂ ਆਵਾਰਾ ਕੁੱਤਿਆਂ ਦਾ ਮੁੱਦਾ ਮੁੜ ਉੱਠਿਆ ਹੈ। ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਘੇਰਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਪਿਛਲੇ ਸਾਲ ਪੰਜਾਬ ’ਚ ਆਵਾਰਾ ਕੁੱਤਿਆਂ ਨੇ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਵੱਢਿਆ, ਜਿਨ੍ਹਾਂ ’ਚੋਂ ਕਈਆਂ ਦੀ ਮੌਤ ਹੋ ਗਈ ਤੇ ਗਈ ਗੰਭੀਰ ਜ਼ਖ਼ਮੀ ਹੋ ਗਏ। ਉਧਰ, ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਕਰਨ ਵਾਲੇ ਤਿੰਨੇ ਵਿਭਾਗ ਇੱਕ-ਦੂਜੇ ’ਤੇ ਜ਼ਿੰਮੇਵਾਰੀ ਸੁੱਟ ਰਹੇ ਹਨ।
ਪੰਜਾਬ ਸਰਕਾਰ ਵੱਲੋਂ 2018 ’ਚ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ 1.13 ਲੱਖ ਲੋਕਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਹੈ, ਜਦਕਿ 2017 ’ਚ ਇਹ ਅੰਕੜਾ 1.12 ਲੱਖ ਸੀ। ਇਨ੍ਹਾਂ ਲੋਕਾਂ ’ਚੋਂ 50 ਫੀਸਦ ਬੱਚੇ ਸਨ। ਇਹ ਸਿਰਫ਼ ਉਹ ਮਾਮਲੇ ਹਨ, ਜਿਨ੍ਹਾਂ ਬਾਰੇ ਹਸਪਤਾਲਾਂ ਤੋਂ ਜਾਣਕਾਰੀ ਮਿਲੀ ਹੈ। ਮਾਹਿਰਾਂ ਅਨੁਸਾਰ ਅਸਲ ਅੰਕੜਾ ਇਸ ਤੋਂ ਵੀ ਵੱਡਾ ਹੋ ਸਕਦਾ ਹੈ।
ਲੰਘੇ ਦੋ ਸਾਲਾਂ ਦੌਰਾਨ ਆਵਾਰਾ ਕੁੱਤਿਆਂ ਦੇ ਵੱਢਣ ਦੇ ਮਾਮਲੇ 2016 ਨਾਲੋਂ ਦੁੱਗਣੇ (54 ਹਜ਼ਾਰ) ਹੋ ਗਏ ਹਨ। ਜ਼ਿਲ੍ਹਾਵਾਰ ਅੰਕੜਿਆਂ ਅਨੁਸਾਰ ਲੁਧਿਆਣਾ ਜ਼ਿਲ੍ਹਾ ਸਭ ਤੋਂ ਅੱਗੇ ਹੈ ਜਿੱਥੇ 15,324 ਘਟਨਾ ਵਾਪਰੀਆਂ ਹਨ। ਇਸ ਤੋਂ ਬਾਅਦ ਪਟਿਆਲਾ (9936), ਜਲੰਧਰ (9839), ਹੁਸ਼ਿਆਰਪੁਰ (9260) ਤੇ ਸੰਗਰੂਰ (6593) ਦਾ ਨੰਬਰ ਆਉਂਦਾ ਹੈ।
ਹਾਲਾਂਕਿ ਪੰਜਾਬ ’ਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਮਸਲਾ ਵਿਧਾਨ ਸਭਾ ਦੇ ਹਰ ਸੈਸ਼ਨ ’ਚ ਉਠਾਇਆ ਜਾਂਦਾ ਹੈ, ਪਰ ਆਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ ਲਈ ਜ਼ਿੰਮੇਵਾਰ ਤਿੰਨੇ ਵਿਭਾਗ ਲੋਕਲ ਬਾਡੀਜ਼, ਪੇਂਡੂ ਵਿਕਾਸ ਤੇ ਪੰਚਾਇਤਾਂ ਤੇ ਪਸ਼ੂ ਪਾਲਣ ਵਿਭਾਗ ਇੱਕ-ਦੂਜੇ ’ਤੇ ਜ਼ਿੰਮੇਵਾਰੀ ਸੁੱਟ ਕੇ ਸੁਰਖਰੂ ਹੋ ਰਹੇ ਹਨ।