ਪਠਾਨਕੋਟ: ਜ਼ਿਮਨੀ ਚੋਣ ਲਈ ਕਈ ਰੰਗ ਦੇਖਣ ਨੂੰ ਮਿਲ ਰਹੇ ਹਨ। ਮੀਰਥੱਲ ਹਲਕੇ ਵਿਚ ਪਿੰਡ ਚੱਕ ਮਨਹਾਸ਼ਾ ਦੇ ਬੂਥ ਨੰ. 146 ਵਿਖੇ ਪਿੰਡ ਦੀ ਮਾਤਾ ਜਲਲਾ ਦੇਵੀ (102) ਸਾਲ ਤੇ ਨਾਨਕ ਚੰਦ (100) ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੋਟ ਪਾਈ। ਇਸ ਤੋਂ ਇਲਾਵਾ ਵੀ ਵੱਡੇ ਪੱਧਰ 'ਤੇ ਬਜ਼ੁਰਗਾਂ ਨੇ ਵੋਟਾਂ ਪਾਈਆਂ ਹਨ ਤੇ ਚੋਣ ਕਮਿਸ਼ਨ ਬਜ਼ੁਰਗਾਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰ ਰਿਹਾ ਹੈ।
ਪੰਜਾਬ 'ਚ ਵੈਸੇ ਤਾਂ ਪਹਿਲਾਂ ਵੀ ਬਜ਼ੁਰਗ ਵੋਟਾਂ 'ਚ ਵੱਡੇ ਪੱਧਰ 'ਤੇ ਹਿੱਸਾ ਲੈਂਦੇ ਹਨ ਪਰ ਪਿਛਲੇ ਸਮੇਂ ਇਹ ਤਦਾਦ ਵਧੀ ਹੈ। ਇਸ ਗਿਣਤੀ ਵਧਣ ਦਾ ਸਹਿਰਾ ਵੀ ਚੋਣ ਕਮਿਸ਼ਨ ਨੂੰ ਹੀ ਜਾਂਦਾ ਹੈ। ਚੋਣ ਕਮਿਸ਼ਨ ਵੋਟਰਾਂ ਨੂੰ ਕਰਨ ਲਈ ਸਰਹੱਦੀ ਪਿੰਡਾਂ 'ਚ ਮਾਡਲ ਬੂਥ ਵੀ ਬਣਾ ਰਿਹਾ ਹੈ ਤਾਂ ਕਿ ਨੌਜਵਾਨ ਪੀੜ੍ਹੀ ਵੀ ਵੋਟਾਂ ਪ੍ਰਤੀ ਅਕਰਸ਼ਿਤ ਹੋਵੇ।
ਦਰ ਅਸਲ ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਸ਼ੁਰੂ ਤੋਂ ਹੀ ਵੋਟਾਂ ਪਾਉਣ ਪ੍ਰਤੀ ਜਾਗਰੂਕਤਾ ਘੱਟ ਹੈ। ਅਜਿਹੇ 'ਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਚੋਣ ਕਮਿਸ਼ਨ ਆਪਣੇ ਪੱਧਰ 'ਤੇ ਲਗਾਤਾਰ ਮੁਹਿੰਮ ਚਲਾਉਂਦਾ ਹੈ। ਗੁਰਦਾਸਪੁਰ ਜ਼ਿਮਨੀ ਚੋਣ 'ਚ ਵੀ ਚੋਣ ਕਮਿਸ਼ਨ ਇਸ ਪੱਖੋਂ ਕਾਫੀ ਸਰਗਰਮ ਹੈ ਤੇ ਲਗਾਤਾਰ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਹੋਰ ਵੀ ਉਪਰਾਲੇ ਕਰ ਰਿਹਾ ਹੈ।