ਪਠਾਨਕੋਟ: 'ਆਪ' ਉਮੀਦਵਾਰ ਸੁਰੇਸ਼ ਖਜ਼ੂਰੀਆ ਵੱਲੋਂ ਚੋਣ ਕਮਿਸ਼ਨ ਦੇ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਗਈ ਹੈ। ਦਰ ਅਸਲ ਵੋਟ ਪਾਉਣ ਦੌਰਾਨ ਕਾਂਗਰਸ ਪਾਰਟੀ ਦਾ ਪੋਲਿੰਗ ਏਜੰਟ ਕੋਲ ਖੜ੍ਹਾ ਹੋਣ ਕਾਰਨ ਸੁਰੇਸ਼ ਖਜ਼ੂਰੀਆ ਭੜਕ ਗਏ ਤੇ ਉਨ੍ਹਾਂ ਵੋਟ ਪਾਉਣ ਸਮੇਂ ਕਾਫੀ ਹੰਗਾਮਾ ਕੀਤਾ।
ਸੁਰੇਸ਼ ਖਜ਼ੂਰੀਆ ਨੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਵੋਟ ਲੋਕਾਂ ਦਾ ਨਿੱਜੀ ਮਸਲਾ ਹੈ ਤੇ ਇਸੇ ਲਈ ਚੋਣ ਕਮਿਸ਼ਨ ਕਿਸੇ ਨੂੰ ਇਹ ਪਤਾ ਨਹੀਂ ਲੱਗਣ ਦਿੰਦਾ ਕਿ ਕਿਸ ਵਿਅਕਤੀ ਨੇ ਕਿਸ ਨੂੰ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੋਲਿੰਗ ਏਜੰਟ ਲੋਕਾਂ ਦੇ ਇਸ ਅਧਿਕਾਰ ਦੀਆਂ ਧੱਜੀਆਂ ਉਡਾ ਰਹੇ ਹਨ ਕਿਉਂਕਿ ਉਹ ਵੋਟ ਪਾਉਣ ਵਾਲੇ ਦੇ ਬਿਲਕੁਲ ਨਜ਼ਦੀਕ ਆ ਕੇ ਖੜ੍ਹੇ ਹੋ ਜਾਂਦੇ ਹਨ।
ਦਰ ਅਸਲ ਸੁਰੇਸ਼ ਖਜੂਰੀਆਂ ਫੌਜ 'ਚੋਂ ਵੱਡੇ ਅਹੁਦੇ ਤੋਂ ਰਿਟਾਇਰ ਹੋਏ ਹਨ ਤੇ ਇਲਾਕੇ 'ਚ ਉਨ੍ਹਾਂ ਦੀ ਪਛਾਣ ਲੋਕ ਹੱਕਾਂ ਪਿੱਛੇ ਲੜਨ ਦੀ ਰਹੀ ਹੈ। ਉਹ ਹਮੇਸ਼ਾਂ ਅਜਿਹੇ ਮਸਲਿਆਂ 'ਤੇ ਪਹਿਲਾਂ ਵੀ ਡੱਟਦੇ ਰਹੇ। ਅੱਜ ਚੋਣ ਮੌਕੇ ਵੀ ਉਨ੍ਹਾਂ ਆਪਣਾ ਉਹੀ ਰੰਗ ਦਿਖਾ ਦਿੱਤਾ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਂਚ ਦਾ ਪੂਰਨ ਭਰੋਸਾ ਦਿਵਾਇਆ ਹੈ।