Punjab News: ਬਾਲਾ ਜੀ ਧਾਮ 'ਚ ਹੋਏ 11 ਕਰੋੜ ਦੇ ਘਪਲੇ ਦੇ ਤਾਰ ਪੰਜਾਬ ਨਾਲ ਜੁੜੇ, ਜਾਣੋ ਪੂਰਾ ਮਾਮਲਾ
ਸੀਬੀਆਈ ਨੂੰ ਸ਼ੱਕ ਹੈ ਕਿ ਉਸ ਸਮੇਂ ਇਸ ਘੁਟਾਲੇ ਦਾ ਪੈਸਾ ਆਈਪੀਐਲ ਅਤੇ ਸ਼ੇਅਰ ਮਾਰਕੀਟ ਵਿੱਚ ਲਗਾਇਆ ਗਿਆ ਸੀ, ਜਿਸ ਦਾ ਲੈਣ-ਦੇਣ ਉਸ ਸਮੇਂ ਦੌਰਾਨ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਜੈਤੋ ਦੇ 5 ਲੋਕਾਂ ਦੇ ਬੈਂਕ ਖਾਤਿਆਂ ਵਿੱਚ ਹੋਇਆ ਸੀ।
Punjab News: ਰਾਜਸਥਾਨ ਦੇ ਮਹਿੰਦੀਪੁਰ ਸਥਿਤ ਬਾਲਾ ਜੀ ਧਾਮ 'ਚ 11 ਕਰੋੜ ਦੇ ਘਪਲੇ ਦੇ ਤਾਰ ਪੰਜਾਬ ਨਾਲ ਜੁੜ ਰਹੇ ਹਨ। ਮਾਮਲੇ ਦੀ ਜਾਂਚ ਕਰਦੇ ਹੋਏ ਸੀਬੀਆਈ ਨੇ ਫਰੀਦਕੋਟ ਦੇ ਪਿੰਡ ਜੈਤੋ ਵਿੱਚ ਛਾਪਾ ਮਾਰਿਆ। ਟੀਮ ਨੇ ਮਾਮਲੇ ਦੇ 5 ਸ਼ੱਕੀ ਦੋਸ਼ੀਆਂ ਦੇ ਘਰਾਂ 'ਤੇ 5 ਘੰਟੇ ਤੱਕ ਛਾਪੇਮਾਰੀ ਕੀਤੀ ਅਤੇ ਰਿਕਾਰਡ ਜ਼ਬਤ ਕੀਤਾ। ਇਸ ਦੌਰਾਨ ਏਜੰਸੀ ਵੱਲੋਂ ਬੈਂਕ ਦੇ ਵੇਰਵੇ ਵੀ ਲਏ ਗਏ ਹਨ।
ਆਖ਼ਰ ਕੀ ਹੈ ਇਹ ਪੂਰਾ ਮਾਮਲਾ ?
ਐਡਵੋਕੇਟ ਜਸਵੰਤ ਸਿੰਘ ਜਸ ਨੇ ਦੱਸਿਆ ਕਿ ਬਾਲਾਜੀ ਟਰੱਸਟ ਵੱਲੋਂ ਮਹਿੰਦੀਪੁਰ ਸਥਿਤ ਐਸਬੀਆਈ ਬਰਾਂਚ ਵਿੱਚ ਕਰੀਬ 13 ਕਰੋੜ ਰੁਪਏ ਦੇ ਸਿੱਕੇ ਜਮ੍ਹਾਂ ਕਰਵਾਏ ਗਏ ਸਨ। ਜਦੋਂ ਬੈਂਕ ਦੇ ਨਵੇਂ ਮੈਨੇਜਰ ਨੇ 5 ਸਾਲ ਪਹਿਲਾਂ ਅਹੁਦਾ ਸੰਭਾਲਿਆ ਸੀ ਤਾਂ ਉਸ ਨੇ ਸਿੱਕੇ ਘੱਟ ਵੇਖੇ ਸਨ, ਜਿਸ ਤੋਂ ਬਾਅਦ ਸਿੱਕਿਆਂ ਦੀ ਗਿਣਤੀ ਕਰਵਾਉਣ ਲਈ ਇੱਕ ਪ੍ਰਾਈਵੇਟ ਕੰਪਨੀ ਨੂੰ ਟੈਂਡਰ ਦਿੱਤਾ ਗਿਆ ਸੀ। ਸਿੱਕਿਆਂ ਦੀ ਗਿਣਤੀ ਕਰਨ ਤੋਂ ਬਾਅਦ ਕੰਪਨੀ ਨੇ ਪਾਇਆ ਕਿ 13 ਕਰੋੜ ਰੁਪਏ ਦੇ ਸਿੱਕਿਆਂ ਦੀ ਬਜਾਏ ਸਿਰਫ 1 ਕਰੋੜ 65 ਲੱਖ ਰੁਪਏ ਦੇ ਸਿੱਕੇ ਸਨ। ਉਕਤ ਰਿਪੋਰਟ ਦੇ ਆਧਾਰ 'ਤੇ ਬੈਂਕ ਪੁਲਿਸ ਦੀ ਮਦਦ ਨਾਲ ਜਾਂਚ ਲਈ ਅਦਾਲਤ 'ਚ ਗਿਆ, ਜਿਸ ਤੋਂ ਬਾਅਦ ਜੈਪੁਰ ਹਾਈ ਕੋਰਟ ਦੀ ਬੈਂਚ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ।
ਸ਼ੇਅਰ ਮਾਰਕਿਟ ਤੇ ਆਈਪੀਐਲ ਵਿੱਚ ਲਾਏ ਗਏ ਪੈਸੈ !
ਸੂਤਰਾਂ ਅਨੁਸਾਰ ਸੀਬੀਆਈ ਨੂੰ ਸ਼ੱਕ ਹੈ ਕਿ ਉਸ ਸਮੇਂ ਇਸ ਘੁਟਾਲੇ ਦਾ ਪੈਸਾ ਆਈਪੀਐਲ ਅਤੇ ਸ਼ੇਅਰ ਮਾਰਕੀਟ ਵਿੱਚ ਲਗਾਇਆ ਗਿਆ ਸੀ, ਜਿਸ ਦਾ ਲੈਣ-ਦੇਣ ਉਸ ਸਮੇਂ ਦੌਰਾਨ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਜੈਤੋ ਦੇ 5 ਲੋਕਾਂ ਦੇ ਬੈਂਕ ਖਾਤਿਆਂ ਵਿੱਚ ਹੋਇਆ ਸੀ।ਇਸ ਜਾਂਚ ਦੌਰਾਨ ਬੀਤੀ ਸ਼ਾਮ ਸੀਬੀਆਈ ਦੀ ਟੀਮ ਫਰੀਦਕੋਟ ਪਹੁੰਚੀ, ਹਾਲਾਂਕਿ ਸੀਬੀਆਈ ਟੀਮ ਵੱਲੋਂ ਇਸ ਮਾਮਲੇ ਵਿੱਚ ਮੀਡੀਆ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।