ਰੌਬਟ ਦੀ ਰਿਪੋਰਟ



ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਪੰਜਾਬ ਦੀ ਮੌਜੂਦ ਅਮਨ ਕਾਨੂੰਨ ਦੀ ਸਥਿਤੀ 'ਤੇ ਘਿਰ ਗਈ ਹੈ।‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 18 ਕਤਲ ਹੋ ਚੁੱਕੇ ਹਨ। ਇੱਕ ਕਤਲ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀਆਂ ਨੇ ਸੀਐਮ ਮਾਨ ਨੂੰ ਘੇਰਿਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਮਨਜਿੰਦਰ ਸਿਰਸਾ ਤੇ ਪਰਗਟ ਸਿੰਘ ਵਰਗੇ ਆਗੂਆਂ ਨੇ ਮਾਨ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ।

ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ 18 ਕਤਲ ਹੋ ਚੁੱਕੇ ਹਨ। ਇਸ ਨੂੰ ਰੋਕਣ ਦੀ ਬਜਾਏ ਸੀਐਮ ਭਗਵੰਤ ਮਾਨ ਗੁਜਰਾਤ ਤੇ ਹਿਮਾਚਲ ਵਿੱਚ ਘੁੰਮ ਰਹੇ ਹਨ। ਹਾਲਾਂਕਿ ਸੀਐਮ ਮਾਨ ਨੇ ਇੱਕ ਦਿਨ ਪਹਿਲਾਂ ਪੰਜਾਬ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਗਠਨ ਦਾ ਐਲਾਨ ਕੀਤਾ ਹੈ।

ਰੋਜ਼ਾਨਾ 2-3 ਕਤਲ ਹੋ ਰਹੇ: ਪਰਗਟ ਸਿੰਘ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਰੋਜ਼ਾਨਾ 2 ਤੋਂ 3 ਕਤਲ ਹੋ ਰਹੇ ਹਨ। ਗੈਂਗਸਟਰ ਸ਼ਰੇਆਮ ਘੁੰਮ ਰਹੇ ਹਨ। ਬਿਨ੍ਹਾਂ ਸੋਚੇ ਸਮਝੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਪਿਛਲੇ ਕੁਝ ਦਿਨਾਂ ਵਿੱਚ ਹੀ 18-20 ਨੌਜਵਾਨਾਂ ਦਾ ਕਤਲ ਹੋਇਆ ਹੈ। ਫਿਰ 11.30 ਵਜੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਹਮਣੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਦੀਆਂ ਠੰਢੀਆਂ ਵਾਦੀਆਂ ਦਾ ਆਨੰਦ ਮਾਣ ਰਹੇ ਹਨ। ਪਹਿਲਾਂ ਗੁਜਰਾਤ ਦਾ ਦੌਰਾ ਤੇ ਹੁਣ ਹਿਮਾਚਲ, ਪੰਜਾਬ ਨੂੰ ਮਾਨ ਸਾਹਬ ਨੇ ਅਪਰਾਧੀਆਂ ਦੇ ਆਸਰੇ ਛੱਡ ਦਿੱਤਾ ਹੈ।

21 ਦਿਨਾਂ 'ਚ 19 ਕਤਲ: ਮਨਜਿੰਦਰ ਸਿਰਸਾ
ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ 21 ਦਿਨਾਂ ਵਿੱਚ 19 ਕਤਲ ਹੋ ਚੁੱਕੇ ਹਨ। ਅੱਜ ਪਟਿਆਲਾ ਵਿੱਚ 2 ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। ਭਗਵੰਤ ਮਾਨ ਜੀ, ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਵੱਲ ਧਿਆਨ ਦਿਓ।

ਸਿੱਧੂ ਨੇ ਕਿਹਾ- ਰੋਜ਼ 3-4 ਕਤਲ ਹੋ ਰਹੇ, ਕੁਰਸੀ ਛੱਡੋ...
ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਢਹਿ ਚੁੱਕੀ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਹਿਮਾਚਲ ਦੀਆਂ ਠੰਢੀਆਂ ਵਾਦੀਆਂ ਵਿੱਚ ਵੋਟਾਂ ਮੰਗਣ ਵਿੱਚ ਲੱਗੇ ਹੋਏ ਹਨ। ਪਟਿਆਲਾ ਵਿੱਚ ਦੋ ਹੋਰ ਕਤਲ ਹੋਏ ਹਨ। ਰੋਜ਼ਾਨਾ ਔਸਤਨ 3-4 ਕਤਲ ਹੋ ਰਹੇ ਹਨ। ਸੂਬੇ ਦੇ ਲੋਕ ਡਰੇ ਹੋਏ ਹਨ। ਸਿੱਧੂ ਨੇ ਤਾਂ ਭਗਵੰਤ ਮਾਨ ਨੂੰ ਕੁਰਸੀ ਛੱਡਣ ਦੀ ਸਲਾਹ ਵੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਆਪਣਾ ਫਰਜ਼ ਨਿਭਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਸ ਨੂੰ ਛੱਡ ਦਿੱਤਾ ਜਾਵੇ।

ਸਰਕਾਰ ਪੁਲਿਸ ਨੂੰ ਫਰੀ ਹੈਂਡ ਦੇਵੇ: ਕੈਪਟਨ ਅਮਰਿੰਦਰ ਸਿੰਘ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹਾਲ ਹੀ ਵਿੱਚ ਹਿੰਸਕ ਘਟਨਾਵਾਂ ਵਿੱਚ ਵਾਧਾ ਚਿੰਤਾਜਨਕ ਹੈ। ਪੰਜਾਬ ਪੁਲਿਸ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਨੂੰ ਫਰੀ ਹੈਂਡ ਦੇਵੇ ਤਾਂ ਜੋ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਕੁਰਬਾਨੀ ਤੋਂ ਬਾਅਦ ਸ਼ਾਂਤੀ ਆਈ ਹੈ, ਇਸ ਲਈ ਕਿਸੇ ਨੂੰ ਵੀ ਇੱਥੇ ਅਮਨ-ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।