ਗੁਰਦਾਸਪੁਰ: ਡੇਰਾ ਬਾਬਾ ਨਾਨਕ ਪੁਲਿਸ ਨੇ ਦੋ ਭਗੌੜੇ ਗੈਂਗਸਟਰਾਂ ਨੂੰ ਦੇਸੀ ਪਿਸਤੌਲ ਸਮੇਤ ਕਾਬੂ ਕੀਤਾ। ਐਸ.ਐਸ.ਪੀ. ਬਟਾਲਾ ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਵਿੱਚੋਂ ਇੱਕ ਸੀ ਕੈਟਾਗਰੀ ਦਾ ਅਪਰਾਧੀ ਹੈ।

ਐਸਐਸਪੀ ਨੇ ਦੱਸਿਆ ਕਿ ਫੜੇ ਗਏ ਦੋਵੇਂ ਗੈਂਗਸਟਰ ਜੱਗੂ ਭਗਵਾਨਪੁਰ ਦੇ ਗੈਂਗ ਦੇ ਮੈਂਬਰ ਸਨ। ਇਨ੍ਹਾਂ ਖਿਲਾਫ ਪਹਿਲਾਂ ਵੀ ਸੰਗੀਨ ਜੁਰਮਾਂ ਦੇ ਮੁਕੱਦਮੇ ਦਰਜ ਹਨ। ਇਹ ਸਾਲ 2012 ਤੋਂ ਭਗੌੜੇ ਚੱਲੇ ਆ ਰਹੇ ਸਨ। ਘੁੰਮਣ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛ-ਗਿੱਛ ਜਾਰੀ ਹੈ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਨੂੰ ਦੋ ਗੈਂਗਸਟਰਾਂ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਤਹਿਤ ਪੁਲਿਸ ਨੇ ਪਿੰਡ ਸ਼ਾਮਪੁਰ ਦੇ ਸੂਏ ਦੇ ਪੁੱਲ ਕੋਲੋਂ ਦੋ ਖਤਰਨਾਕ ਗੈਂਗਸਟਰ ਗੁਰਮੀਤ ਸਿੰਘ ਉਰਫ ਮੀਤਾ (ਸੀ ਕੈਟਾਗਰੀ) ਵਾਸੀ ਖੁਸ਼ਹਾਲਪੁਰ ਤੇ ਉਸ ਦੇ ਸਾਥੀ ਕਰਮਜੀਤ ਸਿੰਘ ਉਰਫ ਸਾਹਬੀ ਉਰਫ ਫੌਜੀ ਵਾਸੀ ਮੁਹੱਲਾ ਮੁਲਖਰਾਜ, ਡੇਰਾ ਬਾਬਾ ਨਾਨਕ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਰਿਵਾਲਵਰ ਦੇਸੀ 32 ਬੋਰ, 6 ਰੌਂਦ ਤੇ ਇੱਕ ਬੁਲਟ ਮੋਟਰਸਾਈਕਲ ਬਰਾਮਦ ਕੀਤੇ ਹਨ।