ਅੰਮ੍ਰਿਤਸਰ: ਰਾਣੀ ਕਾ ਬਾਗ ਇਲਾਕੇ ਵਿੱਚ ਇੱਕ ਘਰ ਵਿੱਚੋਂ ਬੀਤੇ ਦਿਨੀਂ ਚੋਰੀ ਹੋਈ ਨਕਦੀ ਤੇ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਬਰਾਮਦ ਕਰ ਲਏ ਗਏ ਹਨ। ਇਸ ਦੇ ਨਾਲ ਹੀ ਪੁਲਿਸ ਨੇ ਚੋਰੀ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 28 ਲੱਖ ਰੁਪਏ ਦੀ ਨਕਦੀ ਤੇ ਸਵਾ ਦੋ ਕਿੱਲੋ ਸੋਨਾ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਸ ਬਾਰੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਐਸਐਸ ਸ਼੍ਰੀਵਾਸਤਵ ਨੇ ਦੱਸਿਆ ਕਿ ਬਰਾਮਦ ਕੀਤੇ ਸੋਨੇ ਦੇ ਗਹਿਣਿਆਂ ਦੀ ਕੀਮਤ 70 ਲੱਖ ਰੁਪਏ ਦੇ ਕਰੀਬ ਹੈ। ਇਨ੍ਹਾਂ ਵਿੱਚ ਦੋ ਸੋਨੇ ਦੀਆਂ ਇੱਟਾਂ ਵੀ ਸ਼ਾਮਲ ਹਨ। ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਰਹਿਣ ਵਾਲੀ ਸੁਦਾ ਭੰਡਾਰੀ ਨੇ ਸਿਵਲ ਲਾਈਨ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਪਿਛਲੇ ਹਫਤੇ ਉਹ ਆਪਣੇ ਪਰਿਵਾਰ ਸਮੇਤ ਬਾਹਰ ਗਈ ਹੋਈ ਸੀ। ਅੱਠ ਜੁਲਾਈ ਨੂੰ ਜਦ ਉਹ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੇ ਘਰ ਵਿੱਚੋਂ ਗਹਿਣੇ ਗਾਇਬ ਸਨ।

ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਕ ਸੁਦਾ ਭੰਡਾਰੀ ਨੇ ਦੱਸਿਆ ਕਿ ਉਸ ਦੇ ਘਰੋਂ ਡੇਢ ਕਰੋੜ ਦੇ ਕਰੀਬ ਕੈਸ਼ ਤੇ ਪੰਜ ਸੋਨੇ ਦੀਆਂ ਇੱਟਾਂ ਗਾਇਬ ਹਨ। ਪੁਲਿਸ ਕਮਿਸ਼ਨਰ ਐਸ ਐਸ ਸ੍ਰੀਵਾਸਤਵ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਜਦੋਂ ਜਾਂਚ ਅੱਗੇ ਕੀਤੀ ਤਾਂ ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਦਾ ਪਤਾ ਲੱਗਾ, ਜੋ ਅੰਮ੍ਰਿਤਸਰ ਦੀ ਮਜੀਠਾ ਰੋਡ ਵਿਖੇ ਘੁੰਮ ਰਹੇ ਸਨ। ਪੁਲਿਸ ਨੇ ਛਾਪੇਮਾਰੀ ਕਰਕੇ ਅਨਮੋਲ, ਅਨੀਕੇਤ, ਹੀਰਾ ਸਿੰਘ ਤੇ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ।

ਮੁਲਜ਼ਮਾਂ ਕੋਲੋਂ ਪੁੱਛ-ਗਿੱਛ ਦੌਰਾਨ ਉਕਤ ਸਾਮਾਨ ਬਰਾਮਦ ਹੋਇਆ ਹੈ। ਪੁਲਿਸ ਕਮਿਸ਼ਨਰ ਮੁਤਾਬਕ ਸੁਧਾ ਨੇ ਦੱਸਿਆ ਕਿ ਇਸ ਕੰਮ ਵਿੱਚ ਉਨ੍ਹਾਂ ਦੀ ਨੌਕਰਾਣੀ ਵੀ ਸ਼ਾਮਲ ਹੈ ਜਦਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋ ਮੁਲਜ਼ਮ ਹਾਲੇ ਵੀ ਫ਼ਰਾਰ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਛੇਤੀ ਹੀ ਬਾਕੀ ਦੋਵਾਂ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਬਾਕੀ ਰਹਿੰਦਾ ਸਾਮਾਨ ਵੀ ਬਰਾਮਦ ਕਰ ਲਿਆ ਜਾਵੇਗਾ।