ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਲਗਾਤਾਰ ਪੈ ਰਹੀ ਬਾਰਸ਼ ਨੇ ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਪੈਦਾ ਕਰ ਦਿੱਤਾ ਹੈ। ਦਰਿਆਵਾਂ ਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਘੱਗਰ ਦਰਿਆ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ। ਘੱਗਰ ਦਰਿਆ ’ਚ ਸਰਾਲਾ ਹੈੱਡ ’ਤੇ 15 ਜੁਲਾਈ ਦੀ ਰਾਤ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ’ਤੇ ਪੁੱਜ ਗਿਆ ਸੀ। ਇੱਥੇ ਖ਼ਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ। ਇਸ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਅੱਜ ਫਿਰ ਹਿਮਾਚਲ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਰਵੀਂ ਬਾਰਸ਼ ਹੋਈ ਹੈ। ਇਸ ਨਾਲ ਨਦੀਆਂ-ਨਾਲਿਆਂ ਵਿੱਚ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਮੁਤਾਬਕ ਘੱਗਰ ਦਰਿਆ, ਐਸਵਾਈਐਲ ਨਹਿਰ, ਪੰਝੀ ਦਰ੍ਹਾ ਗੰਦਾ ਨਾਲਾ, ਭਾਗਨਾ ਡਰੇਨ ਤੇ ਝਾੜਵਾ ਡਰੇਨ ਸਮੇਤ ਹੋਰ ਨਦੀ ਨਾਲਿਆਂ ਵਿੱਚ ਆਏ ਪਾਣੀ ਕਾਰਨ ਦਰਜਨਾਂ ਪਿੰਡਾਂ ਦੀ ਫਸਲ ਡੁੱਬ ਗਈ ਹੈ। ਪਿੰਡ ਬਪਰੌਰ, ਗਦਾਪੁਰ, ਬੱਲੋਂਪੁਰ, ਰਾਏਪੁਰ ਨਨਹੇੜੀ, ਜੰਡਮੰਗੌਲੀ, ਸੰਧਾਰਸੀ, ਮਰਦਾਂਪੁਰ, ਪਿੱਪਲ ਮੰਗੌਲੀ, ਸਮਸਪੁਰ ਊਂਟਸਰ, ਸੰਜਰਪੁਰ, ਕਾਮੀ ਖੁਰਦ, ਜਮੀਤਗੜ੍ਹ ਦੇ ਖੇਤਾਂ ਵਿੱਚ ਪਾਣੀ ਫੈਲ ਗਿਆ ਹੈ।

ਪਟਿਆਲਾ ਜ਼ਿਲ੍ਹੇ ਵਿਚੋਂ ਕਈ ਹੋਰ ਨਦੀਆਂ ਨਾਲੇ ਲੰਘਦੇ ਹਨ। ਰਾਜਪੁਰਾ ਖੇਤਰ ਵਿੱਚੋਂ ਲੰਘਦੇ ਢਕਾਨਸੂ ਨਾਲੇ ਵਿੱਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਤਾਂਹ ਚੱਲ ਰਿਹਾ ਹੈ। ਇਸ ਤੋਂ ਇਲਾਵਾ ਮਾਰਕੰਡੇ, ਟਾਂਗਰੀ, ਪੰਝੀਦਰੇ ਤੇ ਪਟਿਆਲਾ ਦੀ ਵੱਡੀ ਨਦੀ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਉਧਰ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਸਥਿਤੀ ਕਾਬੂ ਵਿੱਚ ਹੈ। ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕਿਸ਼ਤੀਆਂ ਆਦਿ ਸਮੇਤ ਸਾਰੇ ਪ੍ਰਬੰਧ ਕਰ ਲਏ ਗਏ ਹਨ। ਸਬੰਧਤ ਅਧਿਕਾਰੀਆਂ ਨੂੰ ਚੌਵੀ ਘੰਟੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ।