ਅੰਮ੍ਰਿਤਸਰ: 23 ਅਗਸਤ ਨੂੰ ਮਜੀਠਾ 'ਚ ਕੇਨਰਾ ਬੈਂਕ ਦੇ ਅਸਿਸਟੈਂਟ ਮੈਨੇਜਰ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ 38 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ ਤੀਹ ਲੱਖ ਅੱਸੀ ਹਜ਼ਾਰ ਰੁਪਏ ਬਰਾਮਦ ਕੀਤੇ ਹਨ ਜਦਕਿ ਬਾਕੀ ਸੱਤ ਲੱਖ ਦੇ ਕਰੀਬ ਰਾਸ਼ੀ ਮੁਲਜ਼ਮ ਖਰਚ ਚੁੱਕੇ ਹਨ।


ਪੁਲਿਸ ਨੇ ਲੁਟੇਰਿਆਂ ਦੀ ਪਲਾਨਿੰਗ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਬੈਂਕ ਦਾ ਇੱਕ ਸੇਵਾਦਾਰ ਵੀ ਇਸ ਵਾਰਦਾਤ 'ਚ ਲੁਟੇਰਿਆਂ ਨਾਲ ਮਿਲਿਆ ਹੋਇਆ ਸੀ। ਉਸ ਨੇ ਹੀ ਜਾਣਕਾਰੀ ਦਿੱਤੀ ਸੀ ਕਿ ਮੈਨੇਜਰ ਪੈਸੇ ਜਮ੍ਹਾ ਕਰਾਉਣ ਲਈ ਨਿੱਕਲਿਆ ਹੈ। ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।


ਅੰਮ੍ਰਿਤਸਰ ਬਾਰਡਰ ਰੇਂਜ ਦੇ ਆਈਜੀ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਤੀਹ ਲੱਖ ਅੱਸੀ ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਦੋ ਗੱਡੀਆਂ, ਦੋ ਪਿਸਟਲ ਅਤੇ ਇੱਕ ਰਾਈਫਲ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਲਈ ਹੈ।