ਬਰਨਾਲਾ: ਪੰਚਾਇਤੀ ਚੋਣਾਂ ਨੇ ਪੋਹ ਦੇ ਮਹੀਨੇ ਵਿੱਚ ਵੀ ਅੱਤ ਦੀ ਠੰਢ ਦੇ ਬਾਵਜੂਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਪਰ ਨਾਲ ਹੀ ਪੰਚਾਇਤੀ ਚੋਣਾਂ 'ਚ ਵੋਟਰਾਂ ਦਾ 'ਮਾਹੌਲ ਬਣਾਉਣ' ਲਈ ਉਮੀਦਵਾਰ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਉਨ੍ਹਾਂ ਨੂੰ ਖ਼ੁਸ਼ ਕਰਨ ਲਈ ਸ਼ਰਾਬ ਦਾ ਖ਼ੂਬ ਸਹਾਰਾ ਲਿਆ ਜਾ ਰਿਹਾ ਹੈ। ਪਰ ਉਮੀਦਵਾਰਾਂ ਦਾ ਸਹਾਰਾ ਕਈ ਵਾਰ ਪੁਲਿਸ ਖੋਹ ਲੈਂਦੀ ਹੈ। ਇਹੋ ਹੋਇਆ ਬਰਨਾਲਾ ਵਿੱਚ, ਜਿੱਥੇ ਪੁਲਿਸ ਨੇ ਟਰੱਕ ਵਿੱਚ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਹੈ ਤੇ ਚਾਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਹੈ।

ਬਰਨਾਲਾ ਦੇ ਉਪ ਪੁਲਿਸ ਕਪਤਾਨ ਸੁਰਜੀਤ ਸਿੰਘ ਧਨੋਆ ਨੇ ਦੱਸਿਆ ਹੈ ਕਿ ਪਿੰਡ ਸ਼ਹਿਣਾ ਕੋਲ ਨਾਕੇਬੰਦੀ ਦੌਰਾਨ ਟਰੱਕ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 1,200 ਪੇਟੀਆਂ ਦੇਸੀ ਸ਼ਰਾਬ ਦੀਆਂ ਫੜੀਆਂ ਹਨ। ਪੁਲਿਸ ਨੇ ਨਸ਼ੇ ਦੀ ਇਸ ਖੇਪ ਨਾਲ ਚਾਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਹੈ, ਜਦਕਿ ਉਨ੍ਹਾਂ ਦੇ ਤਿੰਨ ਸਾਥੀ ਫਰਾਰ ਹੋ ਗਏ।



ਮੁਲਜ਼ਮਾਂ ਵਿੱਚੋਂ ਇੱਕ ਗੁਰਮੁਖ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਹਰਿਆਣਾ ਦੇ ਜੀਂਦ ਤੋਂ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਥਾਈਂ ਵੇਚਦੇ ਸਨ। ਇਸ ਤੋਂ ਪਹਿਲਾਂ ਵੀ ਦੋ ਟਰੱਕ ਦੇਸੀ ਸ਼ਰਾਬ ਦੇ ਮੋਗਾ ਦੇ ਨਿਹਾਲ ਸਿੰਘ ਵਾਲਾ ਵਿੱਚ ਵੇਚ ਚੁੱਕੇ ਹਨ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਮਾਮਲੇ ਦਰਜ ਹਨ।