ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਲਾਂਪੁਰ ਗ਼ਰੀਬਦਾਸ ਨੇੜੇ ਬਣ ਰਹੇ ਫਾਰਮ ਹਾਊਸ ਕੋਲ ਸਰਕਾਰੀ ਖ਼ਜ਼ਾਨੇ 'ਚੋਂ ਬਣ ਰਹੇ ਚੈੱਕ ਡੈਮ 'ਤੇ ਆਮ ਆਦਮੀ ਪਾਰਟੀ ਦੇ ਬਾਗ਼ੀ ਲੀਡਰ ਸੁਖਪਾਲ ਖਹਿਰਾ ਨੇ ਸਵਾਲ ਚੁੱਕੇ ਹਨ। ਖਹਿਰਾ ਅਤੇ ਕੰਵਰ ਸੰਧੂ ਨੇ ਇਸ ਨੂੰ ਸਰਕਾਰੀ ਪੈਸੇ ਦੀ ਬਰਬਾਦੀ ਕਰਾਰ ਦਿੱਤਾ।
ਇਹ ਵੀ ਪੜ੍ਹੋ: ਫਾਰਮ ਹਾਊਸ ਬਚਾਉਣ ਖਾਤਰ ਕੈਪਟਨ ਨੇ ਸਰਕਾਰੀ ਫੰਡਾਂ ਨਾਲ ਬਦਲਿਆ ਦਰਿਆ ਦਾ ਰੁਖ਼
ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਚੈੱਕ ਡੈਮ ਬਾਰੇ ਚਿੱਠੀ ਵੀ ਲਿਖੀ ਹੈ। ਸੰਧੂ ਨੇ ਕਿਹਾ ਕਿ ਚੈੱਕ ਡੈਮ ਬਣਨ ਨਾਲ ਇਸ ਦੇ ਪਿੰਡ ਵਾਲਿਆਂ ਨੂੰ ਕੋਈ ਫ਼ਾਇਦਾ ਨਹੀਂ ਹੈ ਬਲਕਿ ਇਸਸ ਦਾ ਫਾਇਦਾ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਨੂੰ ਹੀ ਹੈ।
ਸੁਖਪਾਲ ਖਹਿਰਾ ਨੇ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਪੱਲਣਪੁਰ ਵਿੱਚ ਸਰਕਾਰੀ ਖ਼ਜ਼ਾਨੇ 'ਚੋਂ ਆਪਣਾ ਫਾਰਮ ਹਾਊਸ ਤਿਆਰ ਕਰਵਾਇਆ ਅਤੇ ਕੈਪਟਨ ਸਰਕਾਰ ਵੀ ਮੁੱਖ ਮੰਤਰੀ ਦੇ ਫਾਰਮ ਹਾਊਸ ਲਈ ਸਰਕਾਰੀ ਖ਼ਜ਼ਾਨਾ ਖਾਲੀ ਕਰਦੀ ਜਾ ਰਹੀ ਹੈ। ਸੰਧੂ ਨੇ ਕਿਹਾ ਚੈੱਕ ਡੈਮ ਬਣਨ ਕਾਰਨ ਪਿੰਡ ਵਾਸੀਆਂ ਨੂੰ ਅਤੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ।