ਪੰਜਾਬ ਵਿੱਚ ਪਰਲਜ਼ ਗਰੁੱਪ ਘੁਟਾਲਾ ਮਾਮਲੇ 'ਚ ਵਿਜੀਲੈਂਸ ਬਿਊਰੋ ਹੱਥ ਇੱਕ ਵੱਡੀ ਲੀਡ ਲੱਗੀ ਹੈ। ਵਿਜੀਲੈਂਸ ਨੇ ਪਰਲਜ਼ ਗੁਰੱਪ ਘੁਟਾਲੇ ਨਾਲ ਜੁੜ ਸਿਆਸਤਦਾਨ ਅਤੇ ਪੁਲਿਸ ਅਫ਼ਸਰਾਂ ਦੀ ਭੂਮਿਕਾ ਸਾਹਮਣੇ ਲਿਆਂਦੀ ਹੈ। ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਰਲਜ਼ ਘੁਟਾਲੇ ਦੀ ਮੁੱਢਲੀ ਤਫ਼ਤੀਸ਼ ਦੌਰਾਨ ਕਾਂਗਰਸ ਨਾਲ ਸਬੰਧਤ 4 ਆਗੂਆਂ, ਜਿਨ੍ਹਾਂ ਵਿੱਚ ਇੱਕ ਸਾਬਕਾ ਮੰਤਰੀ ਵੀ ਸ਼ਾਮਲ ਹੈ, ਅਤੇ ਪੰਜਾਬ ਪੁਲੀਸ ਦੇ ਇੱਕ ਸੀਨੀਅਰ ਆਈਪੀਐੱਸ ਅਧਿਕਾਰੀ, ਇੱਕ ਸੇਵਾ ਮੁਕਤ ਆਈਪੀਐੱਸ, ਡੀਐੱਸਪੀ ਅਤੇ ਇੰਸਪੈਕਟਰ ਪੱਧਰ ਦੇ 4 ਅਫ਼ਸਰਾਂ ਦੀ ਸ਼ੱਕੀ ਭੂਮਿਕਾ ਸਾਹਮਣੇ ਆ ਰਹੀ ਹੈ।


ਸੂਤਰਾਂ ਮੁਤਾਬਕ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਵੱਲੋਂ ਅਮਰੀਕਾ ਦੇ ਸ਼ਹਿਰ ਜਾਂ ਫਰਾਂਸਿਸਕੋ ਦੇ ਇੱਕ ਹੋਟਲ 'ਚ ਪੂੰਜੀ ਨਿਵੇਸ਼ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਨੂੰ ਇਸ ਮਾਮਲੇ ਵਿੱਚ ਇੱਕ ਵੱਡੀ ਅਫ਼ਸਰ ਵੱਲੋਂ ਜ਼ਮੀਨ ਹਾਸਲ ਕਰਨ ਦੇ ਸਬੂਤ ਮਿਲੇ ਹਨ ਤੇ ਇਸ ਸਿਆਸਤਦਾਨ ਖ਼ਿਲਾਫ਼ ਆਉਂਦੇ ਦਿਨਾਂ ਦੌਰਾਨ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। 


ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਪਰਲਜ਼ ਘੁਟਾਲੇ ਸਬੰਧੀ ਐੱਫਆਈਆਰ ਵਿਸ਼ੇਸ਼ ਤੌਰ 'ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਜ਼ੀਰਾ ਥਾਣੇ ਵਿੱਚ ਹੀ ਕਿਉਂ ਦਰਜ ਕੀਤੀ ਗਈ। 


ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ੀਰਾ ਵਿੱਚ ਮਾਮਲਾ ਦਰਜ ਕੀਤੇ ਜਾਣਾ ਆਪਣੇ ਆਪ ਵਿੱਚ ਸ਼ੱਕੀ ਬਣ ਜਾਂਦਾ ਹੈ। ਇਹ ਮਾਮਲਾ ਕਾਂਗਰਸ ਹਕੂਮਤ ਵੇਲੇ ਸਾਲ 2020 ਵਿੱਚ ਦਰਜ ਕੀਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਵਿਜੀਲੈਂਸ ਨੇ 19 ਮਈ ਤੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ ਵਿੱਚ ਦੇਸ਼ ਪੱਤਰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪਰਲਜ਼ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਗਰੁੱਪ ਦੀ ਜਾਇਦਾਦ ਨੂੰ ਪੰਜਾਬ ਵਿੱਚ ਵੱਡੇ ਪੱਧਰ ਤੇ ਖੁਰਦ ਬੁਰਦ ਕੀਤਾ ਗਿਆ ਸੀ।


 ਵਿਜੀਲੈਂਸ ਅਨੁਸਾਰ ਸਿਆਸੀ ਅਤੇ ਪ੍ਰਸ਼ਾਸਕੀ ਪੁਸ਼ਤਪਨਾਹੀ ਤੋਂ ਬਿਨਾਂ ਜ਼ਮੀਨਾਂ ਖੁਰਦ ਬੁਰਦ ਨਹੀਂ ਹੋ ਸਕਦੀਆਂ। ਇਸ ਕਰਕੇ ਸਿਆਸਤਦਾਨਾਂ ' ਤੇ ਪੁਲੀਸ ਅਫ਼ਸਰਾਂ ਦੀ ਭੂਮਿਕਾ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਪਰਲਜ਼ ਗਰੁੱਪ ਦੀਆਂ 40 ਹਜ਼ਾਰ ਦੇ ਕਰੀਬ ਸੰਪਤੀਆਂ ਹਨ ਜਿਨ੍ਹਾਂ 'ਚੋਂ 2239 ਪੰਜਾਬ 'ਚ ਹਨ। ਇਹ ਤੱਥ ਵੀ ਸਾਹਮਣੇ ਆ ਚੁੱਕੇ ਹਨ ਕਿ ਨਿਵੇਸ਼ਕਾਂ ਦੇ ਅੱਠ ਤੋਂ ਦਸ ਹਜ਼ਾਰ ਕਰੋੜ ਰੁਪਏ ਡੁੱਬੇ ਹੋਏ ਹਨ।