Sangrur News: ਆਸਟ੍ਰੇਲੀਆ ਵਿੱਚ ਪੰਜਾਬੀ ਵਿਦਿਆਰਥਣ ਨਾਲ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਮਗਰੋਂ ਅਦਾਲਤ ਨੇ ਅਹਿਮ ਫੈਸਲਾ ਸੁਣਾਇਆ ਹੈ। ਸਾਊਥ ਆਸਟ੍ਰੇਲੀਆ ਦੀ ਅਦਾਲਤ ਨੇ ਵਿਦਿਆਰਥਣ ਜੈਸਮੀਨ ਕੌਰ ਨੂੰ ਮਿੱਟੀ ’ਚ ਦੱਬ ਕੇ ਮਾਰਨ ਦੇ ਦੋਸ਼ ਵਿੱਚ ਤਾਰਿਕਜੋਤ ਸਿੰਘ ਧਾਲੀਵਾਲ ਨੂੰ 22 ਸਾਲ 10 ਮਹੀਨੇ ਦੀ ਸਜ਼ਾ ਸੁਣਾਈ ਹੈ।
ਹਾਸਲ ਜਾਣਕਾਰੀ ਮੁਤਾਬਕ ਭਵਾਨੀਗੜ੍ਹ ਨੇੜਲੇ ਪਿੰਡ ਨਰੈਣਗੜ੍ਹ ਨਾਲ ਸਬੰਧਤ ਨਰਸਿੰਗ ਦੀ ਵਿਦਿਆਰਥਣ ਜੈਸਮੀਨ ਕੌਰ ਨੂੰ ਆਸਟ੍ਰੇਲੀਆ ਦੇ ਐਂਡੀਲੈਂਡ ਸ਼ਹਿਰ ਵਿੱਚ ਜਿਉਂਦਿਆਂ ਮਿੱਟੀ ’ਚ ਦੱਬ ਮਾਰ ਦਿੱਤਾ ਗਿਆ ਸੀ। ਇਸ ਕੇਸ ਵਿੱਚ ਤਾਰਿਕਜੋਤ ਸਿੰਘ ਧਾਲੀਵਾਲ ਨੂੰ ਸਾਊਥ ਆਸਟ੍ਰੇਲੀਆ ਦੀ ਅਦਾਲਤ ਵੱਲੋਂ 22 ਸਾਲ 10 ਮਹੀਨੇ ਦੀ ਕੈਦ ਸੁਣਾਈ ਗਈ ਹੈ।
ਸੂਤਰਾਂ ਮੁਤਾਕ ਸਜ਼ਾ ਪੂਰੀ ਹੋਣ ਮਗਰੋਂ ਤਾਰਿਕਜੋਤ ਨੂੰ ਆਸਟ੍ਰੇਲੀਆ ਵਿੱਚੋਂ ਕੱਢ ਦਿੱਤਾ ਜਾਵੇਗਾ। ਸਜ਼ਾ ਸੁਣਾਉਣ ਦੇ ਫੈਸਲੇ ਮੌਕੇ ਮ੍ਰਿਤਕਾ ਕੁੜੀ ਦੀ ਮਾਂ ਰਛਪਾਲ ਕੌਰ ਅਦਾਲਤ ’ਚ ਹਾਜ਼ਰ ਸੀ। ਇਸ ਮਾਮਲੇ ਦੇ ਆਸਟ੍ਰੇਲੀਆ ਦੇ ਨਾਲ ਹੀ ਵੱਖ-ਵੱਖ ਮੁਲਕਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਕਾਫੀ ਚਰਚਾ ਹੈ।
ਦਰਅਸਲ 20 ਸਾਲ ਦੇ ਇਸ ਕਾਤਲ ਮੁੰਡੇ ਨਾਲੋਂ ਕੁੜੀ ਨੇ ਆਪਣਾ ਸੰਪਰਕ ਤੋੜ ਲਿਆ ਸੀ ਪਰ ਧੱਕੇ ਵਾਲੀ ਬਿਰਤੀ ਨਾਲ ਇਹ ਉਸ ਦਾ ਪਿੱਛਾ ਕਰਦਾ ਰਿਹਾ। ਜੈਸਮੀਨ ਕੌਰ ਨੇ ਆਸਟ੍ਰੇਲੀਆ ਦੀ ਐਂਡੀਲੈਂਡ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਪੁਲਿਸ ਰਿਪੋਰਟ ਮੁਤਾਬਕ ਇਸੇ ਦੌਰਾਨ 5 ਮਾਰਚ 2021 ਨੂੰ ਕੰਮ ’ਤੇ ਗਈ ਜੈਸਮੀਨ ਕੌਰ ਨੂੰ ਤਾਰਿਕਜੋਤ ਸਿੰਘ ਨੇ ਅਗਵਾ ਕਰਕੇ ਉਸ ਦੇ ਹੱਥ ਪੈਰ ਬੰਨ੍ਹ ਕੇ ਗੱਡੀ ’ਚ ਸੁੱਟ ਲਿਆ। ਉਹ ਲੜਕੀ ਨੂੰ ਸ਼ਹਿਰ ਤੋਂ 400 ਕਿਲੋਮੀਟਰ ਦੂਰ ਬੀਆਬਾਨ ਉਜਾੜ ’ਚ ਲੈ ਗਿਆ ਤੇ ਉੱਥੇ ਕਬਰ ਪੁੱਟ ਕੇ ਜ਼ਿੰਦਾ ਹੀ ਦੱਬ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।