ਲੁਧਿਆਣਾ: ਇਕ 48 ਸਾਲਾ ਸਰਕਾਰੀ ਸਕੂਲ ਅਧਿਆਪਕਾ ਦੀ ਕੋਰੋਨਾਵਾਇਰਸ ਨਾਲ ਮੌਤ ਮਗਰੋਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।ਸ਼ਨੀਵਾਰ ਨੂੰ ਇਥੇ ਇਕ ਨਿੱਜੀ ਹਸਪਤਾਲ ਵਿੱਚ ਸਰਕਾਰੀ ਟੀਚਰ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੇ 12 ਸਾਥੀ ਅਤੇ ਤਿੰਨ ਵਿਦਿਆਰਥੀਆਂ ਨੇ ਵੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤਾ।

ਦੱਸ ਦੇਈਏ ਕਿ ਰਾਜ ਦੇ ਸਕੂਲ ਸਰਕਾਰੀ ਹੁਕਮਾਂ ਤੋਂ ਬਾਅਦ 7 ਜਨਵਰੀ ਤੋਂ ਪੰਜਵੀਂ ਕਲਾਸ ਤੋਂ ਲੈ ਕੇ 12ਵੀਂ ਜਮਾਤ ਲਈ ਦੁਬਾਰਾ ਖੋਲ੍ਹ ਦਿੱਤੇ ਗਏ ਹਨ।ਮ੍ਰਿਤਕ ਅਧਿਆਪਕਾ ਜਗਰਾਉਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਵਿਖੇ ਗਣਿਤ ਪੜ੍ਹਾਉਂਦੀ ਸੀ।ਮ੍ਰਿਤਕ ਟੀਚਰ ਦੀ ਪਛਾਣ ਤਜਿੰਦਰ ਕੌਰ ਵਜੋਂ ਹੋਈ ਹੈ।

ਅਧਿਆਪਕਾ ਆਪਣੇ ਇਲਾਜ ਲਈ ਲੁਧਿਆਣਾ ਦੇ DMC ਹਸਪਤਾਲ ਵਿੱਚ ਦਾਖਿਲ ਸੀ।ਸ਼ਨੀਵਾਰ ਨੂੰ ਮ੍ਰਿਤਕ ਦੀ ਦੇਹ ਜਗਰਾਓਂ ਲਿਆਂਦੀ ਗਈ ਤੇ ਪਰਿਵਾਰਿਕ ਮੈਂਬਰਾਂ ਨੇ PPE ਕਿੱਟ ਪਾ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ।

ਮ੍ਰਿਤਕ ਦੇ ਪਤੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਨਾਲ ਹੀ ਇਹ ਸਭ ਕੁਝ ਹੋਇਆ ਹੈ, ਕਿਉਂਕਿ ਜਿਥੇ ਪਹਿਲਾਂ ਜਗਰਾਓ ਸਿਵਲ ਹਸਪਤਾਲ ਨੇ ਉਸਦੀ ਪਤਨੀ ਦੀ ਰਿਪੋਰਟ ਨੈਗਟਿਵ ਦੱਸੀ ਸੀ, ਉਥੇ ਹੀ DMC ਹਸਪਤਾਲ ਨੇ ਉਸਦੀ ਰਿਪੋਰਟ ਪੌਜ਼ੇਟਿਵ ਦੱਸ ਕੇ ਉਸਨੂੰ ਸ਼ੱਕੀ ਮਰੀਜਾਂ ਨਾਲ ਰੱਖ ਦਿੱਤਾ ਜਿਸ ਕਰਕੇ ਉਸਦੀ ਮੌਤ ਹੋ ਗਈ।