ਜਲੰਧਰ: ਏਜੰਟਾਂ ਦੇ ਚੱਕਰਾਂ 'ਚ ਪੈ ਕੇ ਅਮਰੀਕਾ ਲਈ ਨਿਕਲੇ ਪੰਜਾਬ ਦੇ ਛੇ ਨੌਜਵਾਨ ਲਾਪਤਾ ਹੋ ਗਏ ਹਨ। ਪਰਿਵਾਰ ਦੀ ਜਦੋਂ ਉਮੀਦ ਏਜੰਟਾਂ ਤੋਂ ਖਤਮ ਹੋ ਗਈ ਤਾਂ ਉਹ ਸਾਹਮਣੇ ਆਏ ਹਨ। ਇਨ੍ਹਾਂ 6 ਨੌਜਵਾਨਾਂ 'ਚੋਂ ਇੱਕ ਮੁੰਡਾ ਸੂਬੇਦਾਰ ਸ਼ਮਸ਼ੇਰ ਸਿੰਘ ਦਾ ਵੀ ਹੈ। ਸੂਬੇਦਾਰ ਫੌਜ 'ਚੋਂ ਛੁੱਟੀ ਲੈ ਕੇ ਆਪਣੇ ਮੁੰਡੇ ਨੂੰ ਲੱਭਣ ਦੀ ਥਾਂ-ਥਾਂ ਅਪੀਲ ਕਰ ਰਹੇ ਹਨ ਪਰ ਐਫਆਈਆਰ ਦਰਜ ਹੋਣ ਦੇ ਮਹੀਨੇ ਬਾਅਦ ਵੀ ਪੁਲਿਸ ਇਸ ਮਾਮਲੇ 'ਚ ਕੁਝ ਨਹੀਂ ਕਰ ਸਕੀ।

ਸੂਬੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਏਜੰਟ ਨੇ ਕਿਹਾ ਸੀ ਕਿ 35 ਲੱਖ ਰੁਪਏ ਲੈ ਕੇ ਮੁੰਡੇ ਨੂੰ ਅਮਰੀਕਾ ਭੇਜ ਦੇਵੇਗਾ। ਇਸ ਤੋਂ ਬਾਅਦ ਮੁੰਡੇ ਨੂੰ ਦਿੱਲੀ ਬੁਲਾਇਆ। ਦਿੱਲੀ ਤੋਂ ਕਿਹਾ ਕਿ ਮੁੰਡਾ ਦੁਬਈ ਰਾਹੀਂ ਉੱਥੇ ਪੁੱਜ ਗਿਆ ਹੈ ਤੇ ਬਾਕੀ ਪੈਸੇ ਦੇ ਦਿਓ। ਇਸ ਤੋਂ ਬਾਅਦ ਮੁੰਡੇ ਨਾਲ ਕਦੇ ਗੱਲ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਏਜੰਟ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਹੈ। ਇਸ ਲਈ ਉਸ 'ਤੇ ਕੋਈ ਐਕਸ਼ਨ ਨਹੀਂ ਲੈ ਰਿਹਾ। ਏਜੰਟ ਨੇ 12 ਲੱਖ ਐਡਵਾਂਸ ਲਿਆ ਸੀ।

ਸੂਬੇਦਾਰ ਦੇ ਨਾਲ ਆਏ ਹੋਰ ਪਰਿਵਾਰਾਂ ਨੇ ਪੰਜਾਬ ਸਰਕਾਰ ਤੇ ਕੇਂਦਰੀ ਮੰਤਰੀ ਸ਼ੁਸਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਮੁੰਡਿਆਂ ਦਾ ਪਤਾ ਲਾਇਆ ਜਾਵੇ। ਕਪੂਰਥਲਾ ਦੇ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨਵਦੀਪ ਸਿੰਘ ਨੂੰ ਵੀ ਅਮਰੀਕਾ ਭੇਜਣ ਲਈ ਏਜੰਟ ਨੇ 40 ਲੱਖ ਰੁਪਏ 'ਚ ਸੌਦਾ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਭਤੀਜਾ ਵੀ ਗਿਆ ਪਰ ਦੋਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ।