ਚੰਡੀਗੜ੍ਹ: 6000 ਕਰੋੜੀ ਨਸ਼ਾ ਤਸਕਰੀ ਮਾਮਲੇ ਵਿੱਚ ਮੁਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਨਸ਼ਾ ਤਸਕਰੀ ਦੇ ਕੇਸਾਂ ਦਾ ਨਿਬੇੜਾ ਕਰਦਿਆਂ ਕਈ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਤੇ ਕਈ ਬਰੀ ਹੋ ਗਏ ਹਨ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਵੱਡੇ ਪੱਧਰ 'ਤੇ ਹੋਈ ਨਸ਼ਾ ਤਸਕਰੀ ਤੇ ਡਰੱਗ ਮਨੀ ਦੇ ਲੈਣ-ਦੇਣ ਬਾਰੇ ਈਡੀ ਨੇ ਜਾਂਚ ਕੀਤੀ ਸੀ ਤੇ ਪੰਜਾਬ ਵਿੱਚ ਵੱਖ-ਵੱਖ ਥਾਂ 'ਤੇ ਛੇ ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ ਵਿੱਚ ਤਕਰੀਬਨ 70 ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਇਸ ਹਾਈ ਪ੍ਰੋਫਾਈਲ ਕੇਸ 'ਚ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਦਾ ਨਾਂਅ ਵੀ ਉੱਛਲਿਆ ਸੀ। ਮਾਮਲਿਆਂ ਦੇ ਮੁੱਖ ਮੁਲਜ਼ਮ ਤੇ ਸਾਬਕਾ ਖਿਡਾਰੀ ਤੇ ਪੰਜਾਬ ਪੁਲਿਸ 'ਚ ਡੀਐਸਪੀ ਰਹਿ ਚੁੱਕੇ ਜਗਦੀਸ਼ ਭੋਲਾ ਨੂੰ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਹੈ ਜਦਕਿ ਗੋਰਾਇਆ ਦੇ ਕਾਰੋਬਾਰੀ ਚੁੰਨੀ ਲਾਲ ਗਾਬਾ ਨੂੰ ਬਰੀ ਕਰ ਦਿੱਤਾ ਹੈ।
ਚੁੰਨੀ ਲਾਲ ਗਾਬਾ ਦੇ ਛੋਟੇ ਪੁੱਤਰ ਗੁਰਜੀਤ ਗਾਬਾ ਨੂੰ ਨਸ਼ਾ ਰੋਕੂ ਕਾਨੂੰਨ ਤਹਿਤ ਅਦਾਲਤ ਨੇ ਭੋਲਾ ਡਰੱਗ ਰੈਕੇਟ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਗਾਬਾ ਦਾ ਵੱਡਾ ਪੁੱਤਰ ਗੁਰਮੇਸ਼ ਗਾਬਾ ਈਡੀ ਵੱਲੋਂ ਦਰਜ ਮਨੀ ਲਾਂਡਰਿੰਗ ਕੇਸ 'ਚ ਜੇਲ ਵਿੱਚ ਬੰਦ ਹੈ। ਚੁੰਨੀ ਲਾਲ ਗਾਬਾ ਤੋਂ ਇਲਾਵਾ ਸੀਬੀਆਈ ਅਦਾਲਤ ਨੇ ਮੁਲਜ਼ਮ ਬਿੱਟੂ ਔਲਖ, ਪਰਮਜੀਤ ਚਾਹਲ ਨੂੰ ਵੱਡੀ ਰਾਹਤ ਦਿੰਦਿਆਂ ਮਾਮਲਿਆਂ ਤੋਂ ਬਰੀ ਕੀਤਾ ਹੈ। ਪਟਿਆਲਾ ਵਿੱਚ ਦਰਜ ਹੋਏ ਦੂਜੇ ਮਾਮਲੇ ਤਹਿਤ ਐਫਆਈਆਰ ਨੰਬਰ 92 ਵਿੱਚੋਂ ਵੀ ਸਾਰੇ ਹੀ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇੱਥੇ ਹੀ ਦਰਜ ਮੁਕੱਦਮਾ ਨੰਬਰ 50 ਵਿੱਚੋਂ ਵੀ ਅਦਾਲਤ ਨੇ ਸਾਰੇ ਹੀ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।
ਮੰਡੀ ਗੋਬਿੰਦਗੜ੍ਹ ਵਿੱਚ ਦਰਜ ਹੋਈ ਐਫਆਈਆਰ ਨੰਬਰ 59 ਵਿੱਚ ਮਨਪ੍ਰੀਤ ਸਿੰਘ ਤੇ ਗੱਬਰ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਦਕਿ ਭੋਲਾ ਸਮੇਤ ਤਿੰਨ ਜਾਣਿਆਂ ਨੂੰ ਬਰੀ ਕਰ ਦਿੱਤਾ ਹੈ। ਫ਼ਤਹਿਗੜ੍ਹ ਸਾਹਿਬ ਵਿੱਚ ਐਫਆਈਆਰ ਨੰਬਰ 45 ਵਿੱਚੋਂ ਕੁਲਦੀਪ ਸਿੰਘ, ਸੰਦੀਪ ਸਿੰਘ ਨੂੰ ਧਾਰਾ 201 ਆਈਪੀਸੀ ਦੇ ਤਹਿਤ ਦੋਸ਼ੀ ਕਰਾਰ ਦਿੱਤਾ, ਜਦਕਿ ਸਤਿੰਦਰ ਸਿੰਘ ਧਾਮਾ ਜਗਦੀਸ਼ ਭੋਲਾ ਤੇ ਅਨੂਪ ਕਾਹਲੋਂ ਨੂੰ ਐਨਡੀਪੀਐਸ ਐਕਟ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਾਮਲੇ 'ਚੋਂ ਰਾਮ ਬਾਕਸਰ ਕੁਲਵੰਤ ਸਿੰਘ ਸੁਖਰਾਜ ਸਿੰਘ ਨੂੰ ਬਰੀ ਹੋ ਗਏ ਹਨ।
ਫ਼ਤਹਿਗੜ੍ਹ ਸਾਹਿਬ 'ਚ ਦਰਜ ਮੁਕੱਦਮਾ ਨੰਬਰ 69 ਵਿੱਚੋਂ ਅਦਾਲਤ ਨੇ ਹੈਪੀ, ਸੁਖਜੀਤ ਸਿੰਘ ਸੁੱਖਾ, ਸੁਰੇਸ਼ ਕੁਮਾਰ, ਦੇਵ ਬਹਿਲ, ਜਗਦੀਸ਼ ਭੋਲਾ, ਸਚਿਨ ਸਰਦਾਨਾ, ਦਵਿੰਦਰ ਸ਼ਰਮਾ, ਗੁਰਜੀਤ ਗਾਬਾ ਤੇ ਬਸਾਵਾ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਬਨੂੜ ਵਿੱਚ ਦਰਜ ਐਫਆਈਆਰ ਨੰਬਰ 56 ਵਿੱਚ ਸਤਿੰਦਰ ਧਾਮਾ, ਬਲਜਿੰਦਰ ਸੋਨੂੰ, ਜਗਜੀਤ ਚਹਿਲ, ਜਗਦੀਸ਼ ਭੋਲਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦਕਿ ਬਿੱਟੂ ਔਲਖ, ਪਰਮਜੀਤ ਪੰਮਾ, ਦੀਪੂ ਦਵਿੰਦਰ ਤੇ ਹੈਪੀ ਨੂੰ ਬਰੀ ਕਰ ਦਿੱਤਾ ਗਿਆ ਹੈ।
ਸਾਰੇ ਦੋਸ਼ੀਆਂ ਲਈ ਸਜ਼ਾ ਦਾ ਐਲਾਨ ਕੁਝ ਹੀ ਸਮੇਂ ਵਿੱਚ ਕੀਤਾ ਜਾਵੇਗਾ। ਨਸ਼ਾ ਤਸਕਰੀ ਦੇ ਇਨ੍ਹਾਂ ਕੇਸਾਂ ਦੇ ਆਧਾਰ 'ਤੇ ਹੀ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਕਾਲਾ ਧਨ ਇਕੱਠਾ ਕਰਨ ਦੇ ਮਾਮਲੇ ਵੀ ਦਾਇਰ ਕੀਤੇ ਹਨ। ਜਿਨ੍ਹਾਂ ਮੁਲਜ਼ਮਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ, ਉਹ ਈਡੀ ਦੇ ਮਾਮਲਿਆਂ ਵਿੱਚੋਂ ਵੀ ਰਾਹਤ ਪਾ ਸਕਦੇ ਹਨ, ਕਿਉਂਕਿ ਇਹ ਸਾਰੇ ਮਾਮਲੇ ਡਰੱਗ ਕੇਸਾਂ 'ਤੇ ਹੀ ਆਧਾਰਤ ਹਨ। ਇਨ੍ਹਾਂ ਮਾਮਲਿਆਂ ਵਿੱਚ ਹੀ ਸਾਬਕਾ ਅਕਾਲੀ ਮੰਤਰੀ ਸਰਵਨ ਸਿੰਘ ਫਿਲੌਰ ਤੇ ਉਨ੍ਹਾਂ ਦੇ ਪੁੱਤਰ ਦਾ ਨਾਂ ਸ਼ਾਮਲ ਹੈ, ਜਿਨ੍ਹਾਂ 'ਤੇ ਸੁਪਰੀਮ ਕੋਰਟ ਨੇ ਅੱਗੇ ਕਾਰਵਾਈ ਕਰਨ 'ਤੇ ਰੋਕ ਲਾ ਦਿੱਤੀ ਹੈ।