ਚੰਡੀਗੜ੍ਹ: ਸ਼ਰਾਬ ਦੇ ਕਾਰੋਬਾਰ ਵਿੱਚ ਦਿਲਚਸਪੀ ਇਸ ਕਦਰ ਹੈ ਕਿ ਪੰਜਾਬ ਦੇ 5000 ਠੇਕਿਆਂ ਲਈ 71 ਹਜ਼ਾਰ ਅਰਜ਼ੀਆਂ ਆਈਆਂ ਹਨ। ਰਿਕਾਰਡ ਅਰਜ਼ੀਆਂ ਤੋਂ ਸੰਕੇਤ ਮਿਲਦਾ ਹੈ ਕਿ ਸ਼ਰਾਬ ਦੇ ਕਾਰੋਬਾਰ ਵੱਲ ਮੁੜ ਰੁਝਾਨ ਵਧਿਆ ਹੈ। ਅਹਿਮ ਗੱਲ਼ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਸ਼ਰਾਬ ਦੇ ਕਾਰੋਬਾਰ ਵਿੱਚ ਬਹੁਤੀ ਹਿਲਜੁਲ ਨਹੀਂ ਹੋ ਰਹੀ ਸੀ। ਐਤਕੀਂ ਸਾਲ 2019-20 ਲਈ ਠੇਕੇਦਾਰ ਪੱਬਾਂ ਭਾਰ ਜਾਪਦੇ ਹਨ।

ਹਾਸਲ ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਤੋਂ ਹਰੀ ਝੰਡੀ ਮਿਲਣ ਮਗਰੋਂ ਸ਼ਰਾਬ ਦੇ ਕਰੀਬ 5000 ਠੇਕਿਆਂ ਲਈ ਸ਼ਨਿਚਰਵਾਰ ਆਖਰੀ ਤਾਰੀਕ ਤੱਕ 71 ਹਜ਼ਾਰ ਅਰਜ਼ੀਆਂ ਆ ਚੁੱਕੀਆਂ ਸਨ। ਪੰਜਾਬ ਆਬਕਾਰੀ ਮਹਿਕਮਾ ਅਗਲੇ ਮਾਲੀ ਸਾਲ ਲਈ ਸ਼ਰਾਬ ਠੇਕਿਆਂ ਦੀ ਨਿਲਾਮੀ 20 ਮਾਰਚ ਨੂੰ ਕਰਨਾ ਚਾਹੁੰਦਾ ਹੈ। ਹਾਲਾਂਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ ਕੈਬਨਿਟ ਨੇ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਪਰ ਠੇਕਿਆਂ ਦੀ ਨਿਲਾਮੀ ਕਰਕੇ ਇਸ ਲਈ ਚੋਣ ਕਮਿਸ਼ਨ ਤੋਂ ਹਰੀ ਝੰਡੀ ਲੈਣ ਦੀ ਲੋੜ ਪਵੇਗੀ।

ਦੱਸ ਦਈਏ ਕਿ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ 6201 ਕਰੋੜ ਰੁਪਏ ਦਾ ਮਾਲੀਆ ਮਿਲਣ ਦੀ ਆਸ ਹੈ ਜੋ ਸਾਲ 2018-19 ਵਿੱਚ ਅਨੁਮਾਨਤ 5462 ਕਰੋੜ ਰੁਪਏ ਦੇ ਮਾਲੀਏ ਨਾਲੋਂ ਕਰੀਬ 739 ਕਰੋੜ ਰੁਪਏ ਜ਼ਿਆਦਾ ਹੈ। ਪੰਜਾਬ ਵਿੱਚ ਜ਼ਿਆਦਾਤਰ ਠੇਕੇ ਸਿਆਸਤਦਾਨਾਂ ਦੀ ਮਾਲਕੀ ਵਾਲੇ ਗਰੁੱਪਾਂ ਕੋਲ ਹਨ। ਮਹਿਕਮੇ ਨੂੰ ਅਰਜ਼ੀਆਂ ਦੀ ਫੀਸ ਦੇ ਰੂਪ ਵਿੱਚ ਹੀ 215 ਕਰੋੜ ਰੁਪਏ ਦੀ ਕਮਾਈ ਹੋਈ ਹੈ ਜੋ ਪਿਛਲੇ ਸਾਲ ਦੀ ਕਮਾਈ ਨਾਲੋਂ ਤਿੰਨ ਗੁਣਾ ਵੱਧ ਹੈ।

ਦੇਸੀ ਸ਼ਰਾਬ ਦਾ ਕੋਟਾ 5.78 ਕਰੋੜ ਪਰੂਫ ਲੀਟਰ ਤੋਂ ਵਧਾ ਕੇ 6.36 ਕਰੋੜ ਪਰੂਫ ਲੀਟਰ ਕਰਨ ਤੇ ਭਾਰਤ ਵਿਚ ਬਣਨ ਵਾਲੀ ਵਿਦੇਸ਼ੀ ਸ਼ਰਾਬ ਆਈਐਮਐਫਐਲ ਦਾ ਕੋਟਾ 2.48 ਕਰੋੜ ਪਰੂਫ ਲਿਟਰ ਤੋਂ ਵਧਾ ਕੇ 2.62 ਕਰੋੜ ਪਰੂਫ ਲਿਟਰ ਕਰਨ ਦੇ ਫ਼ੈਸਲੇ ਲਈ ਵੀ ਚੋਣ ਕਮਿਸ਼ਨ ਦੀ ਹਰੀ ਝੰਡੀ ਦੀ ਲੋੜ ਪਏਗੀ। ਘੱਟ ਅਲਕੋਹਲ ਵਾਲੀ ਸ਼ਰਾਬ ਜਿਵੇਂ ਬੀਅਰ ਦਾ ਕੋਟਾ 2.57 ਕਰੋੜ ਬਲਕ ਲੀਟਰ ਤੋਂ ਵਧਾ ਕੇ 3 ਕਰੋੜ ਬਲਕ ਲੀਟਰ ਕੀਤਾ ਗਿਆ ਹੈ।