Sangrur News: 8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਕੱਚੇ ਅਧਿਆਪਕਾਂ ਤੇ ਕਰਮਚਾਰੀਆਂ ਵੱਲੋਂ ਸੇਵਾਵਾਂ ਰੈਗੂਲਰ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਵਾਲੀ ਕਲੋਨੀ ਨੇੜਲੇ ਪਿੰਡ ਖੁਰਾਣਾ ਦੀ ਪਾਣੀ ਵਾਲੀ ਟੈਂਕੀ ਉਪਰ ਤੇ ਹੇਠਾਂ ਸੰਘਰਸ਼ ਜਾਰੀ ਹੈ। ਕੱਚੇ ਅਧਿਆਪਕਾਂ ’ਚੋਂ ਇੰਦਰਜੀਤ ਸਿੰਘ ਮਾਨਸਾ ਜਿੱਥੇ 9ਵੇਂ ਦਿਨ ਵੀ ਟੈਂਕੀ ਉਪਰ ਡਟਿਆ ਹੋਇਆ ਹੈ, ਉੱਥੇ ਟੈਂਕੀ ਹੇਠਾਂ ਕੱਚੇ ਅਧਿਆਪਕਾਂ ਦਾ ਪੱਕਾ ਮੋਰਚਾ ਵੀ ਲਗਾਤਾਰ ਜਾਰੀ ਹੈ। 



ਸੰਘਰਸ਼ਸ਼ੀਲ ਕੱਚੇ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇ 22 ਜੂਨ ਦੀ ਕੈਬਨਿਟ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਮੰਗਾਂ ਦਾ ਕੋਈ ਪੁਖ਼ਤਾ ਹੱਲ ਨਾ ਹੋਇਆ ਤਾਂ ਸੰਗਰੂਰ, ਦਿੜਬਾ, ਬਰਨਾਲਾ ਤੇ ਆਨੰਦਪੁਰ ਸਾਹਿਬ ਹਲਕਿਆਂ ਦੇ ਪਿੰਡਾਂ ਵਿੱਚ ਭਰਾਤਰੀ ਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਵੱਖ-ਵੱਖ ਵ੍ਹੀਕਲਾਂ ’ਤੇ ਮਾਰਚ ਕਰਕੇ ਪੱਕੇ ਕਰਨ ਦੇ ਫ਼ੋਕੇ ਡਰਾਮੇ ਦੀ ਪੋਲ ਖੋਲ੍ਹੀ ਜਾਵੇਗੀ।



ਯੂਨੀਅਨ ਦੇ ਸੂਬਾ ਆਗੂ ਜਗਦੀਪ ਸਿੰਘ ਮੁਹਾਲੀ, ਸੁਖਜਿੰਦਰ ਦਾਖਾ, ਗੁਰਿੰਦਰ ਸੋਹੀ ਤੇ ਵਿਕਾਸ ਵਡੇਰਾ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਸਾਲ ਦੌਰਾਨ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਬਾਰੇ ਵਾਰ ਵਾਰ ਐਲਾਨ ਕਰਦੀ ਆ ਰਹੀ ਹੈ। ਇਥੋਂ ਤੱਕ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਇਸ਼ਤਿਹਾਰ ਬੋਰਡ ਪੰਜਾਬ ਤੋਂ ਇਲਾਵਾ ਵੱਖ-ਵੱਖ ਰਾਜਾਂ ਵਿਚ ਲਗਾਏ ਗਏ ਹਨ, ਜਦੋਂ ਕਿ ਹਕੀਕਤ ਵਿਚ ਹਾਲੇ ਤੱਕ ਕੱਚੇ ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। 


ਇੰਦਰਜੀਤ ਸਿੰਘ ਮਾਨਸਾ ਪਿਛਲੇ ਨੌਂ ਦਿਨਾਂ ਤੋਂ ਗਰਮੀ ਦੇ ਬਾਵਜੂਦ ਟੈਂਕੀ ਉਪਰ ਡਟਿਆ ਹੋਇਆ ਹੈ, ਜਦੋਂਕਿ ਟੈਂਕੀ ਹੇਠਾਂ ਅਧਿਆਪਕਾਂ ਦਾ ਧਰਨਾ ਜਾਰੀ ਹੈ ਪਰ ਸਰਕਾਰ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਪ੍ਰੋਵਾਈਡਰ, ਆਈਈਵੀ, ਆਈਈਆਰਟੀ ਅਤੇ ਸਮੂਹ ਦਫ਼ਤਰੀ ਕਰਮਚਾਰੀਆਂ ਨੂੰ 10 ਸਾਲਾ ਪਾਲਿਸੀ ਤਹਿਤ ਰੈਗੂਲਰ ਆਰਡਰ ਦਿੱਤੇ ਜਾਣ। 


ਜ਼ਿਲ੍ਹਾ ਪ੍ਰਸ਼ਾਸਨ ਵਲੋਂ 22 ਜੂਨ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕਰਵਾਈ ਗਈ ਹੈ, ਜੇ ਮੀਟਿੰਗ ’ਚ ਮਸਲਾ ਹੱਲ ਨਾ ਹੋਇਆ ਤਾਂ ਭਰਾਤਰੀ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਸੰਗਰੂਰ, ਦਿੜਬਾ, ਬਰਨਾਲਾ ਤੇ ਆਨੰਦਪੁਰ ਸਾਹਿਬ ਹਲਕਿਆਂ ਦੇ ਪਿੰਡਾਂ ਵਿਚ ਮਾਰਚ ਕੀਤੇ ਜਾਣਗੇ ਅਤੇ ਸਰਕਾਰ ਦੇ ਪੱਕੇ ਕਰਨ ਦੇ ਫ਼ੋਕੇ ਡਰਾਮੇ ਦੀ ਪੋਲ ਖੋਲ੍ਹੀ ਜਾਵੇਗੀ ਤੇ ਧੋਖਾਧੜੀ ਦਾ ਪਰਦਾਫਾਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਡੇ ਪੱਧਰ ’ਤੇ ਗੁਪਤ ਐਕਸ਼ਨ ਕੀਤੇ ਜਾਣਗੇ।