ਬਠਿੰਡਾ: ਕੋਰੋਨਾ ਮਹਾਮਾਰੀ ਦੇ ਚਲਦੇ ਜਿੱਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੌਰਾਨ ਕੰਮ ਕਰ ਰਹੇ ਲੋਕਾ ਨੂੰ ਫ਼ਰੰਟ ਲਾਈਨ ਯੋਧੇ ਐਲਾਨਿਆ ਗਿਆ ਹੈ ਤਾਂ ਉੱਥੇ ਹੀ ਕੋਰੋਨਾ ਕਾਲ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਦੇ ਅਸਤੀਫਿਆਂ ਦੀ ਝੜੀ ਲੱਗ ਗਈ ਹੈ।ਬਠਿੰਡਾ ਦੇ ਸਰਕਾਰੀ ਡਾਕਟਰਾਂ ਨੇ ਕੋਰੋਨਾ ਖਿਲਾਫ ਜੰਗ ਦੇ ਅੱਧ ਵਿਚਾਲੇ ਅਸਤੀਫੇ ਦੇ ਦਿੱਤੇ ਹਨ।ਇਸ ਤੇ ਆਪਣੀ ਭੜਾਸ ਕੱਢਦੇ ਹੋਏ ਬਠਿੰਡਾ ਦੇ ਸਿਵਲ ਸਰਜਨ ਨੇ ਕਿਹਾ ਕਿ ਇਹ ਲੋਕ ਸਿਰਫ ਪੈਸੇ ਦੇ ਲਾਲਚ ਕਾਰਨ ਐਸਾ ਕਰ ਰਹੇ ਹਨ।
ਬਠਿੰਡਾ ਦੇ ਸਿਵਲ ਸਰਜਨ ਦਿਵਾਨ ਸਿੰਘ ਢਿੱਲੋ ਨੇ ਕਿਹਾ ਕਿ, "ਮੇਰੀ ਜਾਣਕਾਰੀ ਮੁਤਾਬਿਕ ਡਾਕਟਰ ਜਯੰਤ ਅਗਰਵਾਲ ਨੇ ਅਸਤੀਫ਼ਾ ਦਿੱਤਾ ਸੀ , ਅਸਤੀਫ਼ੇ ਮਗਰੋਂ ਉਸ ਨੇ ਹੁਣ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੋਵਿਡ ਦਾ ਕੰਮ ਸ਼ੁਰੂ ਕੀਤਾ ਹੈ।ਮੈਂ ਤਾਂ ਸਿਰਫ ਇਹੀ ਕਹਾਂਗਾ ਕਿ ਜਿਹੜੀ ਸੇਵਾ ਇੱਥੇ ਬਣਦੀ ਸੀ ਉਹ ਹੁਣ ਪੈਸਿਆਂ ਦੇ ਕਾਰਨ ਉੱਥੇ ਕਰ ਰਹੇ ਹਨ। ਇੱਕ ਮਹਿਲਾ ਡਾ ਰਮਨਦੀਪ ਗੋਇਲ ਦੇ ਪਤੀ ਦੀ ਖੁਦ ਇੱਕ ਨਿੱਜੀ ਹਸਪਤਾਲ ਵਿੱਚ ਕੋਵਿਡ ਦਾ ਕੰਮ ਚੱਲ ਰਿਹਾ ਹੈ ਜਿਸ ਦੇ ਚੱਲਦੇ ਉਨ੍ਹਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ।ਮੇਰੀ ਜਾਣਕਾਰੀ ਮੁਤਾਬਿਕ ਉਹ ਵੀ ਉੱਥੇ ਜਾ ਕੇ ਕੰਮ ਕਰਨਗੇ।ਅੱਜ ਦੇ ਸਮੇਂ ਅਸਤੀਫੇ ਦੇਣ ਵਾਲੇ ਡਾਕਟਰਾਂ ਨੂੰ ਇੰਝ ਲੱਗਦਾ ਹੈ ਕਿ ਅਸੀਂ ਪੈਸੇ ਕਮਾ ਸਕਦੇ ਹਾਂ, ਅਸੀਂ ਖੁਦ ਮੈਡੀਸਨ ਡਾਕਟਰ ਹਾਂ ਪੈਸੇ ਅਸੀਂ ਵੀ ਕਮਾ ਸਕਦੇ ਹਾਂ ਪੈਸਾ ਕਮਾਉਣਾ ਹੀ ਨਹੀਂ ਸਗੋਂ ਸੇਵਾ ਕਰਨਾ ਵੀ ਜ਼ਰੂਰੀ ਹੁੰਦਾ ਹੈ।"
ਬਠਿੰਡਾ ਦੇ ਕੋਰੋਨਾ ਹਲਾਤਾਂ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਵਿੱਚ ਵੀਰਵਾਰ ਨੂੰ 847 ਨਵੇਂ ਕੇਸ ਸਾਹਮਣੇ ਆਏ ਹਨ।ਜ਼ਿਲ੍ਹੇ ਦਾ ਪੌਜ਼ੇਟਿਵੀਟੀ ਰੇਟ 19.60 ਫੀਸਦ ਹੈ।ਵੀਰਵਾਰ ਨੂੰ 9 ਲੋਕਾਂ ਦੀ ਕੋਰੋਨਾ ਕਾਰਨ ਜਾਨ ਵੀ ਗਈ ਹੈ।ਹੁਣ ਤੱਕ ਬਠਿੰਡਾ ਵਿੱਚ ਕੁੱਲ੍ਹ 448 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।ਜ਼ਿਲ੍ਹੇ ਵਿੱਚ ਹੁਣ ਤੱਕ 24861 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ ਜਦਕਿ 5592 ਐਕਟਿਵ ਮਰੀਜ਼ ਹਨ।18821 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।