Punjab News:  ਅਬੋਹਰ ਦੇ ਢਾਣੀ ਸਫੀ ਦੇ ਰਹਿਣ ਵਾਲੇ ਬਾਈਕ ਸਵਾਰ ਦੀ ਬੀਤੀ ਰਾਤ ਮੌਤ ਹੋ ਗਈ। ਇਹ ਮੌਤ ਕੋਈ ਕੁਦਰਤੀ ਨਹੀਂ ਸੀ ਸਗੋਂ ਇੱਕ ਇੱਕ ਆਵਾਰਾ ਪਸ਼ੂ ਨੇ ਟੱਕਰ ਮਾਰ ਕੇ ਨੌਜਵਾਨ ਦੀ ਜਾਨ ਲੈ ਲਈ।


ਡੇਢ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ 


ਜ਼ਿਕਰ ਕਰ ਦਈਏ ਕਿ ਮ੍ਰਿਤਕ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਤੇ ਆਵਾਰਾ ਪਸ਼ੂਆਂ ਕਾਰਨ ਇੱਕ ਘਰੋਂ ਜੀਅ ਚਲਾ ਗਿਆ ਤੇ ਇੱਕ ਮਾਸੂਮ ਦੇ ਸਿਰ ਉੱਤੋਂ ਉਸ ਦੇ ਪਿਓ ਦਾ ਸਹਾਰਾ ਉੱਠ ਗਿਆ। ਇਸ ਹਾਦਸੇ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਖੂਈਖੇੜਾ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।


ਕਿਵੇਂ ਵਾਪਰਿਆ ਇਹ ਹਾਦਸਾ


ਜਾਣਕਾਰੀ ਅਨੁਸਾਰ 24 ਸਾਲਾ ਬਲਦੇਵ ਸਿੰਘ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ। ਉਸਦਾ ਇੱਕ ਸਾਲ ਦਾ ਬੇਟਾ ਵੀ ਹੈ। ਬੀਤੀ ਰਾਤ ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਪਤਰੇਵਾਲਾ ਵਿੱਚ ਜਾ ਰਿਹਾ ਸੀ। ਪਿੰਡ ਚੂਹੜੀਵਾਲਾ ਧੰਨਾ ਨੇੜੇ ਸੜਕ 'ਤੇ ਅਚਾਨਕ ਇੱਕ ਬੇਸਹਾਰਾ ਪਸ਼ੂ ਆ ਗਿਆ, ਜਿਸ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਿਆ।


ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਕੀਤੀ ਮੰਗ 


ਇਸ ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬਲਦੇਵ ਦੇ ਭਤੀਜੇ ਜਸਬੀਰ ਨੇ ਦੱਸਿਆ ਕਿ ਉਸ ਦੇ ਮਾਮੇ ਦੇ 2 ਭਰਾ ਅਤੇ ਇੱਕ ਭੈਣ ਹੈ। ਘਟਨਾ ਤੋਂ ਬਾਅਦ ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।


ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚੋਂ ਆਏ ਦਿਨ ਅਵਾਰਾਂ ਪਸ਼ੂਆਂ ਨਾਲ ਹਾਦਸੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੋਟਰਸਾਈਕਲ ਸਵਾਰ ਹੁੰਦੇ ਹਨ ਤੇ ਕਈ ਵਾਰ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੋਈ ਕਾਨੂੰਨ ਨਹੀਂ ਬਣਾਇਆ ਗਿਆ ਹੈ ਤੇ ਨਾ ਹੀ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਬਣੀਆਂ ਗਊਸ਼ਾਲਾਵਾਂ ਕਿਸੇ ਕੰਮ ਆ ਰਹੀ ਹੈ ਕਿਉਂਕਿ ਆਏ ਦਿਨ ਜਾਨਵਾਰਾਂ ਕਾਰਨ ਲੋਕ ਆਪਣੇ ਚਾਹੁਣ ਵਾਲਿਆਂ ਨੂੰ ਖੋਹ ਰਹੇ ਹਨ।