ਚੰਡੀਗੜ੍ਹ: ਪੰਜਾਬ ’ਚ ਔਰਤਾਂ ਲਈ ਬੱਸਾਂ ’ਚ ਮੁਫ਼ਤ ਯਾਤਰਾ ਕਰਨ ਦੇ ਕੈਪਟਨ ਅਮਰਿੰਦਰ ਸਰਕਾਰ ਦੇ ਫ਼ੈਸਲੇ ਦੀ ਆਮ ਆਦਮੀ ਪਾਰਟੀ (AAP) ਨੇ ਤਿੱਖੀ ਆਲੋਚਨਾ ਕੀਤੀ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਮਰਿੰਦਰ ਸਰਕਾਰ ਨੇ ਕੇਜਰੀਵਾਲ ਸਰਕਾਰ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਵਿੱਚ ਵੀ ਉਹ ਸਫ਼ਲ ਨਹੀਂ ਹੋ ਸਕੀ।




ਇਹ ਵੀ ਪੜ੍ਹੋ: ਬੱਸਾਂ 'ਚ ਔਰਤਾਂ ਲਈ ਮੁਫਤ ਸਫਰ ਦਾ ਵੱਡਾ ਸੱਚ ਆਇਆ ਸਾਹਮਣੇ, ਰੋਡਵੇਜ਼ ਨੂੰ 217.90 ਕਰੋੜ ਦੇ ਨੁਕਸਾਨ ਦੀ ਸੰਭਾਵਨਾ



ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਅੱਖਾਂ ’ਚ ਧੂੜ ਪਾ ਰਹੀ ਹੈ। ਸਰਕਾਰ ਨੇ ਸਰਕਾਰੀ ਬੱਸਾਂ ਨੂੰ ਮਹਿਲਾਵਾਂ ਲਈ ਮੁਫ਼ਤ ਕਰਨ ਦਾ ਸਿਰਫ਼ ਐਲਾਨ ਕੀਤਾ ਹੈ, ਜਦ ਕਿ ਪੰਜਾਬ ਦੇ ਜ਼ਿਆਦਾਤਰ ਇਲਾਕੇ ਵਿੱਚ ਪ੍ਰਾਈਵੇਟ ਬੱਸਾਂ ਦਾ ਹੀ ਨੈੱਟਵਰਕ ਹੈ।

 

ਇਨ੍ਹਾਂ ਬੱਸਾਂ ਵਿੱਚ ਔਰਤਾਂ ਲਈ ਯਾਤਰਾ ਬਿਲਕੁਲ ਵੀ ਮੁਫ਼ਤ ਨਹੀਂ ਹੋਵੇਗੀ। ਇਨ੍ਹਾਂ ਬੱਸਾਂ ਨੂੰ ਨਾ ਤਾਂ ਮੁਫ਼ਤ ਕੀਤਾ ਗਿਆ ਹੈ ਤੇ ਨਾ ਹੀ ਉਨ੍ਹਾਂ ਦੀ ਟਿਕਟ ਵਿੱਚ ਔਰਤਾਂ ਲਈ ਕੋਈ ਛੋਟ ਹੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਦੀਆਂ ਏਅਰ ਕੰਡੀਸ਼ਨਡ ਬੱਸਾਂ ਤੇ ਵੌਲਵੋ ਬੱਸਾਂ ’ਚ ਵੀ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਗਈ ਹੈ।

 

ਆਮ ਆਦਮੀ ਪਾਰਟੀ ਨੇ ਅੱਗੇ ਕਿਹਾ ਕਿ ਔਰਤਾਂ ਨੂੰ ਮੁਫ਼ਤ ਯਾਤਰਾ ਦੀ ਸੁਵਿਧਾ ਕੇਵਲ ਆਮ ਸਰਕਾਰੀ ਬੱਸਾਂ ’ਚ ਹੀ ਦਿੱਤੀ ਜਾ ਰਹੀ ਹੈ। ਜੇ ਸਰਕਾਰ ਅਸਲ ’ਚ ਹੀ ਔਰਤਾਂ ਦੀ ਹਿਤੈਸ਼ੀ ਹੈ, ਤਾਂ ਇਸ ਸੁਵਿਧਾ ਦਾ ਘੇਰਾ ਵਧਾਉਣਾ ਚਾਹੀਦਾ ਹੈ। ਅਮਰਿੰਦਰ ਸਰਕਾਰ ਦੀ ਮਨਸ਼ਾ ਸਿਰਫ਼ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਨਕਲ ਕਰ ਕੇ ਵਾਹ-ਵਾਹ ਖੱਟਣਾ ਹੈ।

 

ਰਾਘਵ ਚੱਢਾ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਕੇਜਰੀਵਾਲ ਦੀ ਨਕਲ ਕਰਨਾ ਚਾਹੁੰਦੀ ਹੈ, ਤਾਂ ਪੁਰੀ ਨਕਲ ਕਰੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੇਜਰੀਵਾਲ ਦੀ ਤਰਜ਼ ਉੱਤੇ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਵੀ ਦੇਣੀ ਚਾਹੀਦੀ ਹੈ। ਦਿੱਲੀ ਸਰਕਾਰ ਤਾਂ ਦੂਜੇ ਰਾਜਾਂ ਤੋਂ ਬਿਜਲੀ ਖ਼ਰੀਦ ਕੇ ਵੀ ਆਪਣੇ ਰਾਜ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇ ਰਹੀ ਹੈ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ