ਰੌਬਟ ਦੀ ਰਿਪੋਰਟ



ਚੰਡੀਗੜ੍ਹ: ਪੰਜਾਬ ਅੰਦਰ ਮਹਿਲਾਵਾਂ ਵਾਸਤੇ ਮੁਫ਼ਤ ਬੱਸ ਸੇਵਾ 1 ਅਪਰੈਲ ਤੋਂ ਚਾਲੂ ਹੋ ਚੁੱਕੀ ਹੈ। ਮੁੱਖ ਮੰਤਰੀ ਦੇ ਇਸ ਐਲਾਨ ਮਗਰੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਨਾਲ ਪੰਜਾਬ ਰੋਡਵੇਜ਼ ਨੂੰ 217.90 ਕਰੋੜ ਦਾ ਘੱਟਾ ਪਵੇਗਾ। ਇਹ ਜ਼ਿਕਰ ਦਫ਼ਤਰ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੂੰ ਲਿਖੀ ਇੱਕ ਚਿੱਠੀ ਵਿੱਚ ਕੀਤਾ ਹੈ।

ਇਸ ਚਿੱਠੀ ਮੁਤਾਬਕ ਸਾਲ 2019-20 ਦੌਰਾਨ ਪਨਬੱਸ ਦੀ ਰੂਟ ਆਮਦਨ 487.10 ਕਰੋੜ ਰਹੀ ਜਦਕਿ ਪੰਜਾਬ ਰੋਡਵੇਜ਼ ਦੀ 57.65 ਕਰੋੜ ਰੁਪਏ ਰਹੀ। ਇਨ੍ਹਾਂ ਦੋਨਾਂ ਤੋਂ ਕੁੱਲ੍ਹ ਆਮਦਨ 544.75 ਕਰੋੜ ਹੋਈ ਹੈ। ਇਸ ਵਿੱਚ ਜੇ ਕੇਵਲ ਮਹਿਲਾ ਯਾਤਰੀਆਂ ਨੂੰ 40 ਫੀਸਦ ਅਧਾਰ ਮੰਨ ਲਿਆ ਜਾਵੇ ਤਾਂ ਲਗਪਗ 217.90 ਕੋਰੜ ਰੁਪਏ ਰੂਟ ਆਮਦਨ ਕੇਵਲ ਮਹਿਲਾ ਯਾਤਰੀਆਂ ਵੱਲੋਂ ਪ੍ਰਾਪਤ ਹੋਈ ਹੈ।

ਚਿੱਠੀ ਵਿੱਚ ਸੰਭਾਵਨਾ ਜਤਾਈ ਗਈ ਹੈ ਕਿ ਜੇਕਰ ਮਹਿਲਾ ਯਾਤਰੀਆਂ ਨੂੰ ਮੁਫ਼ਤ ਸਹੂਲਤ ਦਿੱਤੀ ਜਾਂਦੀ ਹੈ ਤਾਂ ਪੰਜਾਬ ਰੋਡਵੇਜ਼ ਨੂੰ ਅੰਦਾਜ਼ਨ 217.90 ਕੋਰੜ ਦਾ ਸਲਾਨਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਲਈ ਦਫ਼ਤਰ ਨੇ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਪ੍ਰਤੀ-ਪੂਰਤੀ ਲਈ ਬਜਟ ਦੀ ਵਿਵਸਥਾ ਵਿੱਚ ਵੀ ਵਾਧਾ ਕਰਨਾ ਲੋੜੀਂਦਾ ਹੋਵੇਗਾ।


 


 





ਦੱਸ ਦੇਈਏ ਕਿ ਮੁੱਖ ਮੰਤਰੀ ਪੰਜਾਬ ਨੇ ਆਪਣੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਅੰਦਰ ਐਲਾਨ ਕੀਤਾ ਸੀ ਕਿ ਸੂਬੇ ਦੀਆਂ ਮਹਿਲਾਵਾਂ ਤੇ ਲੜਕੀ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਜਾਏਗੀ। ਬੀਤੇ ਬੁੱਧਵਾਰ ਨੂੰ ਕੈਬਨਿਟ ਨੇ ਕੈਪਟਨ ਦੇ ਇਸ ਬਿਆਨ ਤੇ ਮੋਹਰ ਲਾ ਦਿੱਤੀ ਸੀ ਵੀਰਵਾਰ ਤੋਂ ਇਹ ਬੱਸ ਸੇਵਾ ਚਾਲੂ ਹੋ ਗਈ। ਪੰਜਾਬ ਰੋਡਵੇਜ਼ ਕੋਲ ਅੰਦਾਜ਼ਨ ਇਸ ਵਕਤ ਏਸੀ ਬੱਸਾਂ ਤੋਂ ਇਲਾਵਾ 1250 ਤੋਂ 1260 ਦੇ ਆਸ ਪਾਸ ਬੱਸਾਂ ਹਨ।

ਕਿਸ-ਕਿਸ ਬੱਸ ਵਿੱਚ ਕਰ ਮਹਿਲਾਵਾਂ ਕਰ ਸਕਦੀਆਂ ਸਫ਼ਰ
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਮਹਿਲਾਵਾਂ ਪੰਜਾਬ ਰੋਡਵੇਜ਼ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਤੇ ਪੰਜਾਬ ਰੋਡਵੇਜ਼ ਬੱਸਾਂ (PUNBUS) ਅਤੇ ਲੋਕਲ ਬੌਡੀਜ਼ ਵੱਲੋਂ ਚਲਾਈਆਂ ਜਾਂਦੀਆਂ ਸਿਟੀ ਬੱਸਾਂ ਵਿੱਚ ਮੁਫ਼ਤ ਸਫਰ ਕਰ ਸਕਦੀਆਂ ਹਨ। ਇਸ ਵਿੱਚੇ ਵੋਲਵੋ, ਏਸੀ ਜਾਂ HVAC ਬੱਸਾਂ ਸ਼ਾਮਲ ਨਹੀਂ ਹੋਣਗੀਆਂ।

ਬੱਸ 'ਚ ਸਫ਼ਰ ਲਈ ਕਹਿੜੇ ਦਸਤਾਵੇਜ਼ ਜ਼ਰੂਰੀ
ਸਰਕਾਰੀ ਬੱਸਾਂ ਵਿੱਚ ਮਫ਼ਤ ਸਫ਼ਰ ਲਈ ਮਹਿਲਾਵਾਂ ਨੂੰ ਕੋਈ ਵੀ ਪ੍ਰਮਾਣ ਪੱਤਰ ਅਧਾਰ ਕਾਰਡ, ਵੋਟਰ ਕਾਰਡ ਜਾਂ ਕੋਈ ਵੀ ਪੰਜਾਬ ਦੇ ਵਾਸੀ ਹੋਣ ਦਾ ਪ੍ਰਮਾਣ ਪੱਤਰ ਦਿਖਾਉਣਾ ਪਵੇਗਾ।

ਸਹੂਲਤ ਨਾਲ ਕਿੰਨੇ ਲੋਕਾਂ ਨੂੰ ਤੇ ਕੀ ਹੋਏਗਾ ਫਾਇਦਾ
ਇਸ ਸਕੀਮ ਦੇ ਨਾਲ 1.31 ਕਰੋੜ ਮਹਿਲਾਵਾਂ ਅਤੇ ਲੜਕੀਆਂ ਨੂੰ ਲਾਭ ਮਿਲੇਗਾ।2011 ਦੀ ਜਨਗਣਣਾ ਮੁਤਿਬਕ ਪੰਜਾਬ ਦੀ ਕੁੱਲ੍ਹ ਅਬਾਦੀ 2.77 ਕਰੋੜ ਰੁਪਏ ਹੈ ਜਿਸ ਵਿੱਚ ਮਹਿਲਾਵਾਂ ਦੀ ਗਿਣਤੀ 1,31,03,873 ਕਰੋੜ ਹੈ।ਇਸ ਨਾਲ ਸਹੂਲਤ ਨਾਲ ਕਾਮਕਾਜ ਕਰਨ ਵਾਲੀਆਂ ਔਰਤਾਂ ਨੂੰ ਲਾਭ ਮਿਲੇਗਾ।ਵਿਦਿਆਰਥਣਾ ਨੂੰ ਵੀ ਸਿੱਖਿਆ ਸੰਸਥਾਵਾਂ ਤੱਕ ਪਹੁੰਚਣ ਵਿੱਚ ਫਾਇਦਾ ਹੋਏਗਾ।

ਕੀ-ਕੀ ਸੰਭਾਵਨਾਵਾਂ ਹੋ ਸਕਦੀਆਂ
-ਮਹਿਲਾ ਯਾਤਰੀਆਂ ਨੂੰ ਮੁਫ਼ਤ ਸਫ਼ਰ ਦੀ ਸੁਵਿਧਾ ਨਾਲ ਮਹਿਲਾ ਯਾਤਰੀਆਂ ਦੀ ਗਿਣਤੀ ਵਧ ਸਕਦੀ ਹੈ।
-ਪੁਰਸ਼ ਯਾਤਰੀਆਂ ਨੂੰ ਸੀਟਾਂ ਨਾ ਮਿਲਣ ਤੇ ਉਹ ਪ੍ਰਾਈਵੇਟ ਬੱਸਾਂ ਵੱਲ ਜਾਣਗੇ, ਜਿਸ ਨਾਲ ਪ੍ਰਾਈਵੇਟ ਬੱਸਾਂ ਨੂੰ ਫਾਇਦਾ ਮਿਲੇਗਾ।
-ਪੁਰਸ ਯਾਤਰੀਆਂ ਲਈ ਬੱਸਾਂ ਦੇ ਕਿਰਾਏ ਵਿੱਚ ਵਾਧਾ ਕੀਤਾ ਜਾ ਸਕਦਾ।

ਦੇਖਿਆ ਜਾਵੇ ਤਾਂ ਮਹਿਲਾ ਯਾਤਰੀਆਂ ਨੂੰ ਸਰਕਾਰੀ ਬੱਸਾਂ ਵਿੱਚ ਸਫਰ ਮੁਫ਼ਤ ਹੈ। ਵਿਦਿਆਰਥੀ ਪਹਿਲਾਂ ਹੀ ਪਾਸ ਨਾਲ ਫਰੀ ਸਫ਼ਰ ਕਰਦੇ ਹਨ। ਸੀਨੀਅਰ ਸਿਟੀਜ਼ਨਸ ਦਾ ਕਿਰਾਇਆ ਅੱਧਾ ਹੈ। ਇਸ ਮਗਰੋਂ ਸਰਕਾਰੀ ਬੱਸਾਂ ਵਿੱਚ ਸਰਕਾਰੀ ਮੁਲਾਜ਼ਮ ਵੀ ਸਫ਼ਰ ਕਰਦੇ ਹਨ। ਪੁਰਸ਼ ਯਾਤਰੀਆਂ ਲਈ ਸਿਰਫ ਕੁੱਝ ਹੀ ਸੀਟਾਂ ਰਹਿ ਜਾਣਗੀਆਂ ਜੋ ਪੈਸੇ ਦੇ ਕੇ ਸਫ਼ਰ ਕਰਨਗੇ। ਇਸ ਨਾਲ ਪੰਜਾਬ ਰੋਡਵੇਜ਼ ਦੀ ਆਮਦਨ ਤੇ ਭਾਰੀ ਨੁਕਸਾਨ ਹੋਣ ਦਾ ਖਤਰਾ ਮੰਡਰਾ ਰਿਹਾ ਹੈ।

ਵੱਡਾ ਸਵਾਲ ਇਹ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਪੰਜਾਬ ਸਰਕਾਰ ਇਸ ਨਾਲ ਕਿਵੇਂ ਨਜਿੱਠੇਗੀ? ਦੂਜੀ ਗੱਲ ਇਹ ਕਿ ਇਹ ਸਹੂਲਤ ਕਿੰਨੇ ਦਿਨ ਜਾਰੀ ਰਹੇਗੀ? ਕਿਤੇ ਇਹ ਚੋਣਾਵੀ ਗਫਾ ਤਾਂ ਨਹੀਂ? ਤੀਜਾ ਇਹ ਸਵਾਲ ਵੀ ਉੱਠਦਾ ਹੈ ਕਿ ਜੇ ਰੋਡਵੇਜ਼ ਘੱਟੇ ਵਿੱਚ ਚਲੀ ਗਈ ਤਾਂ ਕੀ ਇਸ ਦਾ ਨਿਜੀਕਰਨ ਕਰ ਦਿੱਤਾ ਜਾਏਗਾ?


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ