Punjab News: ਬੀਜੇਪੀ ਨੂੰ ਹਰਾਉਣ ਲਈ ਵਿਰੋਧੀ ਧਿਰਾਂ ਵੱਲੋਂ ਬਣਾਏ ਗਏ 'ਇੰਡੀਆ ਗੱਠਜੋੜ' ਨੂੰ ਲੈ ਕੇ ਪੰਜਾਬ ਵਿੱਚ ਬਿਖੇੜਾ ਸ਼ੁਰੂ ਹੋ ਗਿਆ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਗਰੋਂ ਹੁਣ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਨੇ ਕੈਬਨਿਟ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਕਰਾਂਗੇ।


ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹ ਕਾਂਗਰਸ ਨਾਲ ਸੀਟਾਂ ਦੀ ਕੋਈ ਵੰਡ ਨਹੀਂ ਕਰਨਗੇ। 'ਆਪ' ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਪਣੇ ਦਮ 'ਤੇ ਚੋਣ ਲੜੇਗੀ। ਅਨਮੋਲ ਗਗਨ ਮਾਨ ਨੇ ਕਿਹਾ ਕਿ ਅਸੀਂ ਪੰਜਾਬ 'ਚ ਵੱਖਰੇ ਤੌਰ 'ਤੇ ਚੋਣ ਲੜਾਂਗੇ ਤੇ ਕਾਂਗਰਸ ਨਾਲ ਸੀਟਾਂ ਦੀ ਕੋਈ ਵੰਡ ਨਹੀਂ ਹੋਵੇਗੀ।


ਉਨ੍ਹਾਂ ਨੇ ਇੰਡੀਆ ਗੱਠਜੋੜ ਬਾਰੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਵੱਖਰੀ ਹੈ ਤੇ ਇੱਥੇ ਅਸੀਂ ਵੱਖਰੇ ਢੰਗ ਨਾਲ ਲੜਾਂਗੇ। ਮੰਤਰੀ ਨੇ ਇੱਥੋਂ ਤੱਕ ਕਿਹਾ ਕਿ ਉਹ ਜੋ ਕਹਿ ਰਹੇ ਹਨ, ਉਹ ਪਾਰਟੀ ਦੀ ਰਾਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੈਸਲਾ ਹੈ। ਪੰਜਾਬ 'ਚ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਤੇ ਅਸੀਂ ਸਾਰੀਆਂ 13 ਸੀਟਾਂ 'ਤੇ ਖੁਦ ਚੋਣ ਲੜਾਂਗੇ।


ਰਾਜਾ ਵੜਿੰਗ ਵੀ ਕਰ ਚੁੱਕੇ ਗੱਠਜੋੜ ਤੋਂ ਇਨਕਾਰ



ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਗੱਠਜੋੜ ਨਹੀਂ ਹੋਏਗਾ। ਉਨ੍ਹਾਂ ਨੇ ਸਪਸ਼ਟ ਕੀਤਾ ਸੀ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅਸੀਂ ਚੋਣ ਲੜਾਂਗੇ ਤੇ ਸਾਨੂੰ ਹਾਈਕਮਾਨ ਨੇ ਵੀ ਇਹੀ ਕਿਹਾ ਹੈ ਕਿ 13 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰੋ।


ਉਨ੍ਹਾਂ ਕਿਹਾ ਕਿ ਮੀਡੀਆ ਵਾਰ-ਵਾਰ ਇੱਕ ਹੀ ਗੱਲ ਪੁੱਛ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡਿਆ ਇਲਾਇੰਸ ਡੈਮੋਕ੍ਰੇਸੀ ਨੂੰ ਬਚਾਉਣ ਲਈ ਹੈ। ਜੋ ਲੋਕ ਇਸ ਵਿੱਚ ਇਕੱਠੇ ਹੋਏ ਹਨ, ਉਨ੍ਹਾਂ ਦੇ ਚੋਣ ਚਿੰਨ ਅਲੱਗ-ਅਲੱਗ ਹਨ। ਉਨ੍ਹਾਂ ਦੇ ਝੰਡੇ ਅਲੱਗ-ਅਲੱਗ ਹਨ। ਉਨ੍ਹਾਂ ਦਾ ਇਹੀ ਮੰਨਣਾ ਹੈ ਕਿ ਮੋਦੀ ਜੀ ਨੂੰ ਜਾਣਾ ਚਾਹੀਦੀ ਹੈ। ਪੰਜਾਬ ਵਿੱਚ ਅਜਿਹਾ ਨਹੀਂ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਸਾਹਮਣੇ ਕਾਂਗਰਸ ਲੜਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਤੇ ਪੰਜਾਬ ਦੇ ਮੁੱਦਿਆਂ ਨੂੰ ਅਸੀਂ ਲਗਾਤਾਰ ਚੁੱਕ ਰਹੇ ਹਾਂ। ਪੰਜਾਬ ਸਰਕਾਰ ਖਿਲਾਫ ਅਸੀਂ ਕਈ ਧਰਨੇ ਲਾਏ ਹਨ। ਮੇਰੇ ਕਹਿਣ ਦਾ ਮਤਲਬ ਸਪਸ਼ਟ ਹੈ। ਜਦੋਂ ਮੋਦੀ ਖਿਲਾਫ ਲੜਾਈ ਹੈ ਤਾਂ ਅਸੀਂ ਇਕੱਠੇ ਹਾਂ।