Navjot Sidhu: ਅਗਲੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਦੁਬਿਧਾ ਵਿੱਚ ਹੈ। ਹਾਈਕਮਾਨ ਦੇ ਫੈਸਲੇ ਨੂੰ ਲੈ ਕੇ ਸੂਬੇ ਦੇ ਕਾਂਗਰਸੀ ਲੀਡਰ ਵੰਡੇ ਹੋਏ ਦਿਖਾਈ ਦੇ ਰਹੇ ਹਨ। ਇੱਕ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪਸ਼ਟ ਕੀਤਾ ਹੈ ਕਿ ਕਾਂਗਰਸ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੋਂ ਚੋਣ ਲੜੇਗੀ, ਉੱਥੇ ਹੀ ਸੀਨੀਅਰ ਲੀਡਰ ਨਵਜੋਤ ਸਿੰਘ ਨੇ ਗੱਠਜੋੜ ਦਾ ਪੱਖ ਪੂਰਿਆ ਹੈ। 


ਨਵਜੋਤ ਸਿੱਧੂ ਨੇ ਸੰਵਿਧਾਨਕ ਸੰਸਥਾਵਾਂ ਤੇ ਅਗਲੀਆਂ ਪੀੜ੍ਹੀਆਂ ਨੂੰ ਬਚਾਉਣ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਹਾਈਕਮਾਨ ਨੇ ਇੰਡੀਆ ਗੱਠਜੋੜ ਵਿੱਚ ਸ਼ਾਮਲ ਹੋਣ ਦਾ ਫੈਸਲਾ ਸਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਦਾ ਫੈਸਲਾ ਸਰਵਉੱਚ ਹੈ। ਇਹ ਇੱਕ ਵੱਡੇ ਕਾਜ ਲਈ ਹੈ। ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮੁਕਤ ਕਰਾਉਣ ਲਈ ਰਾਸ਼ਟਰੀ ਹਿੱਤਾਂ ਨੂੰ ਸਰਵਉੱਚ ਰੱਖਿਆ ਗਿਆ ਹੈ। ਜਮਹੂਰੀਅਤ ਦੀ ਰਾਖੀ ਲਈ ਸਵਾਰਥਾਂ ਨਾਲ ਭਰੀ ਖੋਟੀ ਸਿਆਸਤ ਨੂੰ ਤਿਆਗ ਦੇਣਾ ਚਾਹੀਦਾ ਹੈ। ਅਗਲੀਆਂ ਚੋਣਾਂ ਸਿਰਫ ਚੋਣਾਂ ਵਜੋਂ ਨਹੀਂ ਲੜੀਆਂ ਜਾਣਗੀਆਂ ਸਗੋਂ ਅਗਲੀਆਂ ਪੀੜ੍ਹੀਆਂ ਲਈ ਲੜੀਆਂ ਜਾਣਗੀਆਂ। 









ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਗੱਠਜੋੜ ਨਹੀਂ ਹੋਏਗਾ। ਉਨ੍ਹਾਂ ਨੇ ਸਪਸ਼ਟ ਕੀਤਾ ਸੀ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅਸੀਂ ਚੋਣ ਲੜਾਂਗੇ ਤੇ ਸਾਨੂੰ ਹਾਈਕਮਾਨ ਨੇ ਵੀ ਇਹੀ ਕਿਹਾ ਹੈ ਕਿ 13 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਕਰੋ।


ਉਨ੍ਹਾਂ ਕਿਹਾ ਕਿ ਮੀਡੀਆ ਵਾਰ-ਵਾਰ ਇੱਕ ਹੀ ਗੱਲ ਪੁੱਛ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡਿਆ ਇਲਾਇੰਸ ਡੈਮੋਕ੍ਰੇਸੀ ਨੂੰ ਬਚਾਉਣ ਲਈ ਹੈ। ਜੋ ਲੋਕ ਇਸ ਵਿੱਚ ਇਕੱਠੇ ਹੋਏ ਹਨ, ਉਨ੍ਹਾਂ ਦੇ ਚੋਣ ਚਿੰਨ ਅਲੱਗ-ਅਲੱਗ ਹਨ। ਉਨ੍ਹਾਂ ਦੇ ਝੰਡੇ ਅਲੱਗ-ਅਲੱਗ ਹਨ। ਉਨ੍ਹਾਂ ਦਾ ਇਹੀ ਮੰਨਣਾ ਹੈ ਕਿ ਮੋਦੀ ਜੀ ਨੂੰ ਜਾਣਾ ਚਾਹੀਦੀ ਹੈ। ਪੰਜਾਬ ਵਿੱਚ ਅਜਿਹਾ ਨਹੀਂ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਸਾਹਮਣੇ ਕਾਂਗਰਸ ਲੜਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਤੇ ਪੰਜਾਬ ਦੇ ਮੁੱਦਿਆਂ ਨੂੰ ਅਸੀਂ ਲਗਾਤਾਰ ਚੁੱਕ ਰਹੇ ਹਾਂ। ਪੰਜਾਬ ਸਰਕਾਰ ਖਿਲਾਫ ਅਸੀਂ ਕਈ ਧਰਨੇ ਲਾਏ ਹਨ। ਮੇਰੇ ਕਹਿਣ ਦਾ ਮਤਲਬ ਸਪਸ਼ਟ ਹੈ। ਜਦੋਂ ਮੋਦੀ ਖਿਲਾਫ ਲੜਾਈ ਹੈ ਤਾਂ ਅਸੀਂ ਇਕੱਠੇ ਹਾਂ।