Punjab News: ਪੰਜਾਬ ਦੇ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ਦਾ ਮਾਮਲਾ ਦਿਨੋ-ਦਿਨ ਗਰਮਾਉਂਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪਿਛਲੇ ਦਿਨੀਂ ਫੌਜਾ ਸਿੰਘ ਸਰਾਰੀ ਦੀ ਆਡੀਓ ਵਾਇਰਲ ਹੋਈ ਸੀ। ਆਮ ਆਦਮੀ ਪਾਰਟੀ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਸ ਮਗਰੋਂ ਵਿਰੋਧੀ ਧਿਰਾਂ ਭਗਵੰਤ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ। ਚਰਚਾ ਹੈ ਕਿ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਵਿੱਚੋਂ ਕੱਢਿਆ ਜਾ ਸਕਦਾ ਹੈ। ਇਸ ਬਾਰੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਜਦੋਂ ਕਿਸੇ ਮੰਤਰੀ ਜਾਂ ਵਿਧਾਇਕ ਬਾਰੇ ਕੁਝ ਗਲਤ ਸਾਹਮਣੇ ਆਉਂਦਾ ਹੈ ਤਾਂ ਸਰਕਾਰ ਆਪਣੇ ਤੌਰ 'ਤੇ ਚੈੱਕ ਕਰਦੀ ਹੈ। ਪੰਜਾਬ ਵਿੱਚ 'ਆਪ' ਸਰਕਾਰ ਭ੍ਰਿਸ਼ਟਾਚਾਰ ਮੁਕਤ ਪੰਜਾਬ ਲਈ ਕੰਮ ਕਰ ਰਹੀ ਹੈ। ਇਸ ਸਰਕਾਰ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਹੈ।


ਖ਼ਬਰਾਂ ਅਨੁਸਾਰ ਸਰਾਰੀ ਦੇ ਖਿਲਾਫ ਤਿੰਨ ਪੱਧਰ ’ਤੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿਚ ਪਹਿਲਾਂ ਆਡੀਓ ਕਲਿੱਪ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਦੇ ਨਾਲ ਦੂਜਾ ਓਐਸਡੀ ਅਤੇ ਕੈਬਨਿਟ ਮੰਤਰੀ ਵਿਚ ਆਪਸੀ ਸਬੰਧਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਤੀਜਾ, ਜਿਨ੍ਹਾਂ ਟੈਂਡਰਾਂ ਜਾਂ ਅਫਸਰ ਨੂੰ ਫਸਾਉਣ ਦੀ ਗੱਲ ਸਾਹਮਣੇ ਆਈ ਹੈ, ਉਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।


ਦੱਸਣਯੋਗ ਹੈ ਕਿ ਫੌਜਾ ਸਿੰਘ ਸਰਾਰੀ ਦੀ ਇਕ ਆਡੀਓ ਕਲਿੱਪ ਵਾਇਰਲ ਹੋਈ ਸੀ, ਜਿਸ ਵਿਚ ਸਰਾਰੀ ਨੂੰ ਕਥਿਤ ਤੌਰ ’ਤੇ ਆਪਣੇ ਇਕ ਕਰੀਬੀ ਸਾਥੀ ਰਾਹੀਂ ਪੈਸੇ ਦਾ ਸੌਦਾ ਤੈਅ ਕਰਦੇ ਸੁਣਿਆ ਗਿਆ ਸੀ। ਤੇਜ਼ੀ ਨਾਲ ਵਾਇਰਲ ਹੋ ਰਹੀ ਆਡੀਓ ਵਿੱਚ ਕੈਬਨਿਟ ਮੰਤਰੀ ਤੇ ਗੁਰੂਹਰਸਹਾਏ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਦੀ ਆਪਣੇ ਓਐੱਸਡੀ ਤਰਸੇਮ ਲਾਲ ਕਪੂਰ ਨਾਲ ਹੋ ਰਹੀ ਗੱਲਬਾਤ ਦੌਰਾਨ ਰਿਸ਼ਵਤਖੋਰੀ ਛਲਕ ਰਹੀ ਹੈ।

 

ਦੱਸ ਦੇਈਏ ਕਿ ਇਸ ਮਾਮਲੇ 'ਤੇ ਸਿਆਸਤ ਪੂਰੀ ਭੱਖੀ ਹੋਈ ਹੈ। ਵਾਇਰਲ ਆਡੀਓ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਰਾਜਾ ਵੜਿੰਗ ਨੇ ਕਿਹਾ ਸੀ ਕਿ ਭਗਵੰਤ ਮਾਨ ਜੀ ਸਮਾਂ ਆ ਗਿਆ ਹੈ ਕਿ ਤੁਸੀ ਜੋ ਪ੍ਰਚਾਰ ਕੀਤਾ ਸੀ , ਉਸ 'ਤੇ ਅਮਲ ਕਰੋ। ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਹੁਣ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਤੋਂ ਕੌਣ ਰੋਕ ਰਿਹਾ ਹੈ। ਬੀਤੇ ਦਿਨ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੇ ਕਿਹਾ ਸੀ ਕਿ ਇਸ ਆਡੀਓ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ ਅਤੇ ਮੰਤਰੀ ਸਰਾਰੀ ਨੂੰ ਅਹੁਦੇ ਤੋਂ ਹਟਾਉਣਾ ਚਾਹੀਦਾ ਹੈ।