ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ ਐਲਾਨ ਕੀਤਾ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨਣ ਤੋਂ ਤੁਰੰਤ ਬਾਅਦ ਹੀ ਉਹ ਲੋਕਾਂ ਨਾਲ ਸੰਪਰਕ ਬਣਾਉਣਾ ਸ਼ੁਰੂ ਕਰ ਦੇਣਗੇ। ‘ਆਪ’ ਨੇ ਨਤੀਜੇ ਬਾਹਰ ਆਉਣ ਤੋਂ 36 ਘੰਟੇ ਪਹਿਲਾਂ ਅਹਿਮ ਬੈਠਕ ਸੱਦੀ ਜਿਸ ਵਿੱਚ ਇਨ੍ਹਾਂ ਚੋਣਾਂ ਨੂੰ ਕੈਪਟਨ ਅਤੇ ਬਾਦਲਾਂ ਵੱਲੋਂ ਰਲ ਕੇ ਖੇਡੀ ਗਈ ਨੂਰਾਕੁਸ਼ਤੀ (ਫਰੈਂਡਲੀ ਮੈਚ) ਕਰਾਰ ਦਿੱਤਾ।


ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਅਨੁਸਾਰ ਬੈਠਕ ‘ਚ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਪ੍ਰਤੀ ਦਿਖਾਏ ਗਏ ਉਤਸ਼ਾਹ ਨੂੰ ਲੀਡਰਸ਼ਿਪ ਲਈ ਵੱਡੇ ਹੌਸਲੇ ਵਜੋਂ ਵਿਚਾਰਿਆ ਗਿਆ। ਫ਼ੈਸਲਾ ਕੀਤਾ ਗਿਆ ਕਿ ਚੋਣ ਨਤੀਜੇ ਕੁਝ ਵੀ ਹੋਣ ਪਾਰਟੀ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਸਾਰੇ ਜ਼ਿਲ੍ਹਿਆਂ ‘ਚ ਲੋਕਾਂ ਲਈ ਧੰਨਵਾਦੀ ਪ੍ਰੋਗਰਾਮ ਕਰੇਗੀ। ਬਿਜਲੀ ਦਰਾਂ ‘ਚ ਹੋਰ ਵਾਧੇ ਸਬੰਧੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਅਜਿਹਾ ਕੀਤਾ ਤਾਂ ‘ਆਪ’ ਸਰਕਾਰ ਦੇ ਨੱਕ ‘ਚ ਦਮ ਕਰ ਦੇਵੇਗੀ।

ਬੈਠਕ ਦੌਰਾਨ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਗਠਿਤ ਐਸਆਈਟੀ ‘ਚ ਕੁਵੰਰ ਵਿਜੈ ਪ੍ਰਤਾਪ ਸਿੰਘ ਨੂੰ ਚੋਣ ਜ਼ਾਬਤੇ ਤੋਂ ਤੁਰੰਤ ਬਾਅਦ ਮੁੜ ਤਫ਼ਤੀਸ਼ ਮੈਂਬਰ ਲੈਣ ਲਈ ਸਰਕਾਰ ‘ਤੇ ਦਬਾਅ ਬਣਾਉਣ ਦੀ ਰਣਨੀਤੀ ਤੈਅ ਕੀਤੀ ਗਈ। ਬੈਠਕ ਦੌਰਾਨ ਜਿੱਥੇ ਨਵਜੋਤ ਸਿੰਘ ਸਿੱਧੂ ਦੇ ‘ਫਰੈਂਡਲੀ ਮੈਚ’ ਬਿਆਨ ਨੂੰ ‘ਆਪ’ ਵੱਲੋਂ ਸਾਢੇ ਤਿੰਨ ਸਾਲਾਂ ਤੋਂ ਲਗਾਏ ਜਾਂਦੇ ਦੋਸ਼ਾਂ ‘ਤੇ ਮੋਹਰ ਕਰਾਰ ਦਿੱਤਾ।

ਮੀਟਿੰਗ ਵਿੱਚ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ‘ਆਪ’ ਦੇ ਵਿਧਾਇਕ ਤੋੜ ਕੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਵਿਰੋਧੀ ਧਿਰ ਦੀ ਕੁਰਸੀ ‘ਤੇ ਬਿਠਾਉਣ ਲਈ ਖੇਡੀ ਰਾਜਨੀਤੀ ਨੂੰ ਪਾਰਟੀ ਘਰ-ਘਰ ਪਹੁੰਚਾਏਗੀ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਦੀ ਪ੍ਰਵਾਹ ਕੀਤੇ ਬਿਨਾਂ ਲੋਕ ਮੁੱਦਿਆਂ ਦੀ ਲੜਾਈ ਹੋਰ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ।

ਚੰਡੀਗੜ੍ਹ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਸਮੇਤ ਇਸ ਬੈਠਕ ‘ਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕਿਸਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਕੋਰ ਕਮੇਟੀ ਮੈਂਬਰ ਦਲਬੀਰ ਸਿੰਘ ਢਿੱਲੋਂ, ਖ਼ਜ਼ਾਨਚੀ ਸੁਖਵਿੰਦਰ ਪਾਲ ਸੁੱਖੀ, ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਮੌਜੂਦ ਸਨ।