ਸੰਗਰੂਰ: ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਬੱਚੇ ਨੂੰ ਬਚਾਉਣ ਵਿੱਚ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਈ ਹੈ। ਚੀਮਾ ਨੇ ਇੱਥੇ ਇਹ ਵੀ ਕਿਹਾ ਕਿ ਜੇਕਰ ਐਨਡੀਆਰਐਫ ਦੀ ਟੀਮ ਬੱਚੇ ਨੂੰ ਬਾਹਰ ਕੱਢਣ ਵਿੱਚ ਸਫਲ ਨਹੀਂ ਹੋ ਸਕੀ ਸੀ ਤਾਂ ਸਰਕਾਰ ਨੇ ਫ਼ੌਜ ਨੂੰ ਕਿਉਂ ਨਹੀਂ ਬੁਲਾਇਆ।


ਚੀਮਾ ਨੇ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰ ਲਈ ਕੈਪਟਨ ਸਰਕਾਰ ਨੇ ਬੇਹੱਦ ਮਾੜੀ ਕਾਰਗੁਜ਼ਾਰੀ ਦਿਖਾਈ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰ ਨੂੰ ਕਿਸੇ ਤਕਨੀਕੀ ਮਾਹਰ ਨੂੰ ਸੱਦਣਾ ਚਾਹੀਦਾ ਸੀ ਅਤੇ ਕੋਈ ਆਧੁਨਿਕ ਮਸ਼ੀਨਰੀ ਵਰਤਣੀ ਚਾਹੀਦੀ ਸੀ।

ਉਨ੍ਹਾਂ ਕਿਹਾ ਕਿ ਜੇਕਰ ਇਸ ਨਾਲ ਵੀ ਕੰਮ ਨਾ ਬਣਦਾ ਤਾਂ ਵਿਦੇਸ਼ ਤੋਂ ਮਾਹਰ ਸੱਦੇ ਜਾਂਦੇ। ਚੀਮਾ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਹੱਥਾਂ ਨਾਲ ਖੁਦਾਈ ਕਰਕੇ ਬੱਚੇ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਹਾਲੇ ਤਕ ਵੀ ਸਫਲ ਨਹੀਂ ਹੋਈ ਹੈ।

ਹਰਪਾਲ ਚੀਮਾ ਨੇ ਕਿਹਾ ਕਿ ਬੋਰ ਵਿੱਚ ਫਸੇ ਬੱਚੇ ਲਈ ਇੱਕ-ਇੱਕ ਮਿੰਟ ਕੀਮਤੀ ਹੈ ਪਰ ਕੈਪਟਨ ਸਰਕਾਰ ਦੇ ਸਿੱਖਿਆ ਮੰਤਰੀ ਬਚਾਅ ਕਾਰਜ ਦੇਖਣ ਪਹੁੰਚੇ ਹਨ। ਅਜਿਹੇ ਵਿੱਚ ਸਾਫ ਹੈ ਕਿ ਕੈਪਟਨ ਸਰਕਾਰ ਬੱਚੇ ਨੂੰ ਬਚਾਉਣ ਲਈ ਕਿੰਨੀ ਕੁ ਸੰਜੀਦਾ ਹੈ।