ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਪਟਿਆਲਾ ਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਤੇ ਕੋਰ ਕਮੇਟੀ ਪੰਜਾਬ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਜਾਰੀ ਸੂਚੀ ਮੁਤਾਬਕ ਸ੍ਰੀਮਤੀ ਨੀਨਾ ਮਿੱਤਲ ਨੂੰ ਪਟਿਆਲਾ ਤੇ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ ਫ਼ਿਰੋਜ਼ਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ।

ਰਾਜਪੁਰਾ ਨਾਲ ਸਬੰਧਤ ਨੀਨਾ ਮਿੱਤਲ ਪਾਰਟੀ ਦੇ ਟਰੇਡ ਵਿੰਗ ਪੰਜਾਬ ਦੀ ਪ੍ਰਧਾਨ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਰੈਜੂਏਟ (ਬੀਏ) ਨੀਨਾ ਮਿੱਤਲ (47) ਸਫਲ ਬਿਜ਼ਨੈੱਸ ਵੁਮੈਨ ਹੋਣ ਦੇ ਨਾਲ-ਨਾਲ ਸਮਾਜ ਸੇਵਕ ਵਜੋਂ ਵੱਖ-ਵੱਖ ਸਮਾਜਿਕ, ਵਿੱਦਿਅਕ ਤੇ ਧਾਰਮਿਕ ਸੰਸਥਾਵਾਂ ਨਾਲ ਸਰਗਰਮੀ ਨਾਲ ਜੁੜੇ ਹੋਏ ਹਨ।

ਪਾਰਟੀ ਦੇ ਪੁਰਾਣੇ ਵਲੰਟੀਅਰ ਹਰਜਿੰਦਰ ਸਿੰਘ ਕਾਕਾ ਸਰਾਂ (48) ਫ਼ਿਰੋਜ਼ਪੁਰ ਦੇ ਤਲਵੰਡੀ ਭਾਈ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਤੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਗਰੈਜੂਏਟ (ਬੀਏ) ਹਨ। ਇਨ੍ਹਾਂ ਦੋਵਾਂ ਨਾਮਾਂ ਦੀ ਚੋਣ ਕੋਰ ਕਮੇਟੀ ਪੰਜਾਬ ਵੱਲੋਂ ਕੀਤੀ ਗਈ ਹੈ।