ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਪਾਰਟੀ ਨੂੰ ਮੁੜ ਲੀਹ 'ਤੇ ਲਿਆਉਣ ਲਈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਮੋਢਿਆਂ 'ਤੇ ਭਾਰ ਪਾਇਆ ਹੈ। ਕੇਜਰੀਵਾਲ ਨੇ ਇਹ ਫੈਸਲਾ ਪੰਜਾਬ ਵਿੱਚ 'ਆਪ' ਨੂੰ ਮਿਲ ਰਹੀ ਹਾਰ-ਦਰ-ਹਾਰ ਮਗਰੋਂ ਲਿਆ ਹੈ। ਗੁਰਦਾਸਪੁਰ ਜ਼ਿਮਨੀ ਚੋਣ ਮਗਰੋਂ ਪੰਜਾਬ ਦੀਆਂ ਨਗਰ ਨਿਗਮ ਚੋਣਾਂ ਵਿੱਚ ਵੀ 'ਆਪ' ਨੂੰ ਸ਼ਰਮਨਾਕ ਹਾਰ ਮਿਲੀ ਹੈ। ਲਗਾਤਾਰ ਹੋਈ ਹਾਰ ਮਗਰੋਂ ਵਰਕਰਾਂ ਦੇ ਹੌਸਲੇ ਪਸਤ ਹੋਣ ਲੱਗੇ ਹਨ। 'ਆਪ' ਦਾ ਕੇਡਰ ਅਕਾਲੀ ਦਲ ਤੇ ਕਾਂਗਰਸ ਵੱਲ਼ ਖਿਸਕਣ ਲੱਗਾ ਹੈ। ਮੌਜੂਦਾ ਲੀਡਰਸ਼ਿਪ 'ਤੇ ਵੀ ਸਵਾਲ ਉੱਠਣ ਲੱਗੇ ਹਨ। ਅਜਿਹੇ ਵਿੱਚ ਕੇਜਰੀਵਾਲ ਨੇ ਆਪਣੇ ਖਾਸ-ਮ-ਖਾਸ ਮਨੀਸ਼ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਲਾਇਆ ਹੈ। ਸਿਸੋਦੀਆ ਹੁਣ ਸੰਜੇ ਸਿੰਘ ਦੀ ਥਾਂ ਪੰਜਾਬ ਦਾ ਕੰਮਕਾਜ ਵੇਖਣਗੇ। ਸੂਤਰਾਂ ਮੁਤਾਬਕ ਅਗਲੇ ਦਿਨ ਪੰਜਾਬ ਇਕਾਈ ਵਿੱਛ ਫੇਰਬਦਲ ਹੋ ਸਕਦਾ ਹੈ।
ਦਰਅਸਲ ਸਿਸੋਦੀਆ ਨੇ ਪਾਰਟੀ ਦੀ ਕਮਾਨ ਅਜਿਹੇ ਵੇਲੇ ਸੰਭਾਈ ਹੈ ਜਦੋਂ ਪਾਰਟੀ ਦੇ ਲੀਡਰਸ਼ਿਪ ਤੇ ਵਰਕਰਾਂ ਵਿੱਚ ਨਿਰਾਸ਼ਾ ਦਾ ਆਲਮ ਹੈ। ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਦਾ ਨਸ਼ਾ ਤਸਕਰੀ ਦੇ ਕੇਸ ਵਿੱਚ ਨਾਂ ਘਸੀਟਣ ਮਗਰੋਂ ਪਾਰਟੀ ਅੰਦਰ ਖਿੱਚੋਤਾਣ ਵਧੀ ਹੈ। ਸ਼ਹਿਰੀ ਚੋਣਾਂ ਵਿੱਚ ਪਾਰਟੀ ਦੇ ਸਫਾਏ ਨੇ ਫਿਕਰਮੰਦੀ ਵਧਾਈ ਹੈ। ਇਸ ਲਈ ਸਿਸੋਦੀਆ ਲਈ ਪਾਰਟੀ ਨੂੰ ਉਭਾਰਨਾ ਵੱਡੀ ਚੁਣੌਤੀ ਰਹੇਗੀ। ‘ਆਪ’ ਨੇ ਵਿਧਾਨ ਸਭਾ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਈ ਸੀ। ਪਾਰਟੀ ਨੇ 22 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਦਾ ਤਾਜ਼ ਆਪਣੇ ਸਿਰ ਸਜਾ ਲਿਆ ਸੀ। ਉਂਝ ਉਸ ਵੇਲੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਦੀ ਪੂਰੀ ਉਮੀਦ ਸੀ। ਮੰਨਿਆ ਜਾਂਦਾ ਹੈ ਕਿ ਉਸ ਵੇਲੇ ਲੀਡਰਸ਼ਿਪ ਦੇ ਗਲਤ ਫੈਸਲਿਆਂ ਕਰਕੇ ਪਾਰਟੀ ਜਿੱਤ ਤੋਂ ਵਾਂਝੀ ਰਹਿ ਗਈ। ਉਸ ਵੇਲੇ ਵੀ ਸੰਜੇ ਸਿੰਘ ਉੱਪਰ ਸਵਾਲ ਉੱਠੇ ਸਨ ਪਰ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪੰਜਾਬ ਇਕਾਈ ਦੀ ਪ੍ਰਧਾਨ ਬਣਾ ਕੇ ਸੰਜੇ ਸਿੰਘ ਨੂੰ ਇੰਚਾਰਜ ਬਰਕਰਾਰ ਰੱਖਿਆ ਸੀ। ਹੁਣ ਸਿਸੋਦੀਆ ਦੇ ਆਉਣ ਨਾਲ ਕੁਝ ਫਰਬਦਲ ਜ਼ਰੂਰ ਹੋਏਗਾ।
ਕਾਬਲੋਗੌਰ ਹੈ ਕਿ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਹੈ ਪਰ ਨਗਰ ਨਿਗਮ ਦੇ 225 ਵਾਰਡਾਂ ਵਿੱਚੋਂ ਇੱਕ ਸੀਟ ‘ਤੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕੀ। ਜਦਕਿ 17 ਨਗਰ ਪੰਚਾਇਤਾਂ ਤੇ ਨਗਰ ਪਾਲਿਕਾ ਦੇ 414 ਵਾਰਡਾਂ ਵਿੱਚ ਪਾਰਟੀ ਸਿਰਫ ਇੱਕ ਸੀਟ ਹੀ ਜਿੱਤ ਸਕੀ। 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਆਪ ਪਾਰਟੀ ਨੇ 117 ਸੀਟਾਂ ਵਿੱਚੋਂ 22 ਤੇ ਜਿੱਤ ਪ੍ਰਾਪਤ ਕਰਕੇ ਪੰਜਾਬ ਦੀ ਵਿਰੋਧੀ ਧਿਰ ਵਿੱਚ ਬੈਠ ਗਈ ਪਰ ਨਗਰ ਨਿਗਮ ਦੀਆਂ ਚੋਣਾਂ ਨੇ ਪਾਰਟੀ ਨੂੰ ਫਿਕਰਾਂ ਵਿੱਚ ਪਾ ਦਿੱਤਾ।
ਉਧਰ ਸਿਸੋਦੀਆ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਦਾ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਨੇ ਭਰਵਾਂ ਸਵਾਗਤ ਕੀਤਾ ਹੈ। ਪਾਰਟੀ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਪਾਰਟੀ ਦੇ ਆਗੂਆਂ ਸੂਬਾ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਸਹਿ ਪ੍ਰਧਾਨ ਅਮਨ ਅਰੋੜਾ, ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਰੋਧੀ ਧਿਰ ਦੇ ਉਪ ਨੇਤਾ ਬੀਬੀ ਸਰਬੀਜ ਕੌਰ ਮਾਣੂਕੇ, ਐਚ.ਐਸ. ਫੂਲਕਾ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਕੰਵਰ ਸਿੰਘ ਸੰਧੂ ਨੇ ਕਿਹਾ ਕਿ ਸਿਸੋਦੀਆ ਵਰਗੇ ਪਾਰਟੀ ਦੇ ਮਿਹਨਤੀ ਤੇ ਤਜਰਬੇਕਾਰ ਆਗੂ ਨੂੰ ਪੰਜਾਬ ਦਾ ਪ੍ਰਭਾਰੀ ਲਾਏ ਜਾਣ ਨਾਲ ਸੂਬੇ ਵਿਚ ਆਮ ਆਦਮੀ ਪਾਰਟੀ ਹੋਰ ਮਜਬੂਤ ਹੋਵੇਗੀ। ਆਗੂਆਂ ਨੇ ਕਿਹਾ ਕਿ ਸਿਸੋਦੀਆ ਦੀ ਦੂਰਦਰਸ਼ੀ ਸੋਚ ਤੇ ਲੋਕਾਂ ਵਿਚ ਜਾ ਕੇ ਕੰਮ ਕਰਨ ਦੀ ਨੀਤੀ ਨੂੰ ਸੂਬੇ ਵਿਚ ਲਾਗੂ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਜਾਵੇਗਾ।