ਨਵੀਂ ਦਿੱਲੀ: ਕਾਂਗਰਸੀ ਲੀਡਰ ਪਰਤਾਪ ਸਿੰਘ ਬਾਜਵਾ ਨੇ ਅੱਜ ਰਾਜ ਸਭਾ ਵਿੱਚ ਪਰਾਲੀ ਸਾੜਨ ਦਾ ਮੁੱਦਾ ਚੁੱਕਿਆ। ਉੱਪਰਲੇ ਸਦਨ ਵਿੱਚ ਬਾਜਵਾ ਨੇ ਇਸ ਮੁੱਦੇ ਦੇ ਹੱਲ ਲਈ ਕੇਂਦਰ ਨੂੰ ਮਦਦ ਕਰਨ ਦੀ ਅਪੀਲ ਵੀ ਕੀਤੀ। ਸਦਨ ਦੇ ਕਈ ਮੈਂਬਰਾਂ ਨੇ ਉਨ੍ਹਾਂ ਵੱਲੋਂ ਛੇੜੇ ਗਏ ਵਿਵਾਦ 'ਤੇ ਸਹਿਮਤੀ ਪ੍ਰਗਟਾਈ ਕਿ ਕੇਂਦਰ ਨੂੰ ਸੂਬਿਆਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਪਰਾਲੀ ਸਾੜੇ ਜਾਣ ਦੇ ਹੱਲ ਲਈ ਲੋੜੀਂਦੇ ਕਦਮਾਂ ਬਾਰੇ ਸੁਝਾਅ ਦੇਵੇ। ਬਾਜਵਾ ਨੇ ਇਹ ਮੁੱਦਾ ਰਾਜ ਸਭਾ ਦੇ ਸਿਫ਼ਰ ਕਾਲ ਦੌਰਾਨ ਚੁੱਕਿਆ।
ਇਸ ਤੋਂ ਬਾਅਦ ਇੰਡੀਅਨ ਨੈਸ਼ਨਲ ਲੋਕ ਦਲ (INLD) ਦੇ ਸੰਸਦ ਮੈਂਬਰ ਰਾਮ ਕੁਮਾਰ ਕਸ਼ਿਅਪ ਨੇ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਚੰਦਰਸ਼ੇਖਰ ਆਜ਼ਾਦ ਨੂੰ 'ਸ਼ਹੀਦ' ਦੀ ਉਪਾਧੀ ਦੇਣ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿਸਤਾਨ ਨੇ ਵੀ ਭਗਤ ਸਿੰਘ ਨੂੰ ਸ਼ਹੀਦੇ-ਏ-ਆਜ਼ਮ ਦੀ ਉਪਾਧੀ ਦਿੱਤੀ ਹੋਈ ਹੈ ਜਦਕਿ ਭਾਰਤ ਨੇ ਨਹੀਂ।
ਇਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸਦਨ ਨੂੰ ਦੱਸਿਆ ਕਿ ਭਗਤ ਸਿੰਘ ਦਾ ਦੇਸ਼ ਵਿੱਚ ਬਹੁਤ ਆਦਰ ਤੇ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਨਾਲ ਸਬੰਧਤ ਵੇਰਵੇ ਲੈ ਕੇ ਸਦਨ ਨੂੰ ਵਧੇਰੇ ਜਾਣਕਾਰੀ ਦੇਣਗੇ।
ਬੀਤੇ ਸਮੇਂ ਵਿੱਚ ਛਿੜਿਆ ਦਿੱਲੀ ਦੇ ਦਿਆਲ ਸਿੰਘ ਕਾਲਜ ਦੇ ਨਾਂ ਵੰਦੇ ਮਾਤਰਮ ਦਾ ਮੁੱਦਾ ਵੀ ਸਦਨ ਵਿੱਚ ਉਠਾਇਆ ਗਿਆ। ਅਕਾਲੀ ਦਲ ਦੇ ਆਗੂ ਨਰੇਸ਼ ਗੁਜਰਾਲ ਨੇ ਕਿਹਾ ਕਿ ਦਿਆਲ ਸਿੰਘ ਕਾਲਜ ਦੇ ਸ਼ਾਮ ਨੂੰ ਚੱਲਣ ਵਾਲੇ ਹਿੱਸੇ ਦੇ ਨਾਂ ਨੂੰ ਵੰਦੇ ਮਾਤਰਮ ਕਰਨ ਦੀ ਚਾਲ ਦੇਸ਼ ਵਿੱਚ ਫਿਰਕਾਪ੍ਰਸਤੀ ਨੂੰ ਵਧਾਏਗੀ। ਗੁਜਰਾਲ ਨੇ ਇਸ ਨੂੰ ਸਿੱਖਾਂ ਦੇ ਜਜ਼ਬਾਤਾਂ 'ਤੇ ਹਮਲਾ ਦੱਸਿਆ।
ਗੁਜਰਾਲ ਨੇ ਕਿਹਾ ਕਿ ਉਹ ਸਰਕਾਰ ਨੂੰ ਸੁਝਾਅ ਦੇ ਰਹੇ ਹਨ ਕਿ ਵੰਦੇ ਮਾਤਰਮ ਦੇ ਨਾਂ ਵਾਲੀ ਯੂਨੀਵਰਸਿਟੀ ਖੋਲ੍ਹੀ ਜਾਵੇ। ਇਸ ਬਾਰੇ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਹਾਲੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਹੈ, ਸਗੋਂ ਇਸ ਤਬਦੀਲੀ 'ਤੇ ਹਾਲੇ ਰੋਕਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨਾਂਅ ਬਦਲਣ ਦੇ ਇਸ ਕਦਮ ਦੇ ਵਿਰੁੱਧ ਹੈ। ਇਸ ਬਾਬਤ ਇੱਕ ਮੀਟਿੰਗ ਵੀ ਸੱਦੀ ਗਈ ਸੀ ਜਿਸ ਤੋਂ ਇਹ ਸਪਸ਼ਟ ਕੀਤਾ ਗਿਆ ਕਿ ਨਾਂ ਬਦਲਣ ਦੀ ਤਜਵੀਜ਼ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ।