ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਵਿੱਚ ਬੋਰਵੈੱਲ 'ਚ ਡਿੱਗੇ ਫ਼ਤਹਿਵੀਰ ਸਿੰਘ ਦੀ ਦੁਖਦਾਇਕ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਤੇ ਇੱਕ ਜਣੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਧਰੰਗ ਮਾਰੇ ਸਰਕਾਰੀ ਸਿਸਟਮ ਤੇ ਸ਼ਾਸਕਾਂ ਦੀ ਬੇਰੁਖ਼ੀ ਨੇ ਮਾਸੂਮ ਦਾ ਕਤਲ ਕੀਤਾ ਹੈ। ਉਨ੍ਹਾਂ ਇਸ ਪੂਰੀ ਘਟਨਾ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਬਚਾਅ ਆਪਰੇਸ਼ਨ ਦੌਰਾਨ ਜਿਸ-ਜਿਸ ਨੇ ਕੁਤਾਹੀ ਵਰਤੀ ਹੈ, ਉਸ ਸਭ ਨੂੰ ਮਿਸਾਲੀਆ ਸਜ਼ਾ ਮਿਲਣੀ ਚਾਹੀਦੀ ਹੈ।



ਚੀਮਾ ਨੇ ਕਿਹਾ ਕਿ ਇਸ ਤ੍ਰਾਸਦੀ 'ਚ ਸਰਕਾਰ ਦੀ ਭੂਮਿਕਾ ਨੇ ਪੂਰੀ ਦੁਨੀਆ 'ਚ ਪੰਜਾਬ ਤੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਮੰਗਲਵਾਰ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਮੀਡੀਆ ਨੂੰ ਪ੍ਰਤੀਕਰਮ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬੋਰਵੈੱਲ 'ਚ ਫਸੇ ਫ਼ਤਹਿਵੀਰ ਸਿੰਘ ਨੂੰ ਬਾਹਰ ਕੱਢਣ ਲਈ 6 ਦਿਨਾਂ ਤੋਂ ਵੀ ਵੱਧ ਸਮਾਂ ਤਜਰਬੇ ਕਰਨ 'ਚ ਲਾ ਦਿੱਤਾ ਗਿਆ ਤੇ ਅੰਤ ਨੂੰ ਉਸੇ 'ਪੱਥਰ ਯੁੱਗ' ਦੇ ਤਰੀਕੇ ਨਾਲ ਕੁੰਡੀਆਂ ਫਸਾ ਕੇ ਫ਼ਤਹਿਵੀਰ ਨੂੰ ਬਾਹਰ ਕੱਢਿਆ ਗਿਆ, ਜੋ ਬੇਹੱਦ-ਨਿੰਦਣਯੋਗ ਤੇ ਸ਼ਰਮਨਾਕ ਕਾਰਵਾਈ ਹੈ।

ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਬੇਰੁਖ਼ੀ ਤੇ ਲਾਪਰਵਾਹੀ ਮੁੱਖ ਮੰਤਰੀ ਨੇ ਵਰਤੀ ਹੈ, ਉਸ ਲਈ ਉਨ੍ਹਾਂ ਨੂੰ ਨੈਤਿਕ ਤੌਰ 'ਤੇ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ।