ਚੰਡੀਗੜ੍ਹ, 9 ਅਗਸਤ : ਆਮ ਆਦਮੀ ਪਾਰਟੀ (ਆਪ) ਨੇ ਵਿਰੋਧੀ ਧਿਰ ਦੇ ਨੇਤਾਵਾਂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਦਾ ਅਸਲ ਪੰਜਾਬੀ ਵਿਰੋਧੀ ਪੱਖ ਇੱਕ ਵਾਰ ਫਿਰ ਬੇਨਕਾਬ ਹੋ ਗਿਆ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਿਸੇ ਵੀ ਵਿਰੋਧੀ ਧਿਰ ਦੇ ਸੰਸਦ ਮੈਂਬਰ ਨੇ ਇਸ ਮਾਨਸੂਨ ਸੈਸ਼ਨ ਵਿੱਚ ਪੰਜਾਬ ਦੇ ਇੱਕ ਵੀ ਮੁੱਦੇ 'ਤੇ ਗੱਲ ਨਹੀਂ ਕੀਤੀ। 
 
 ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਤੋਂ ‘ਆਪ’ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੇ ਪੰਜਾਬ ਪੱਖੀ ਅਣਗਿਣਤ ਮੁੱਦੇ ਜ਼ੋਰਦਾਰ ਢੰਗ ਨਾਲ ਸਦਨ 'ਚ ਉਠਾਏ ਜਦਕਿ ਵਿਰੋਧੀ ਧਿਰ ਦੇ ਆਗੂਆਂ ਨੇ ਸੈਸ਼ਨ ਵਿੱਚ ਸ਼ਾਮਿਲ ਹੋਣ ਦੀ ਖੇਚਲ ਵੀ ਨਹੀਂ ਕੀਤੀ। ਇਸ ਕਾਨਫਰੰਸ ਮੌਕੇ ਉਹਨਾਂ ਨਾਲ ਆਪ ਆਗੂ ਇਕਬਾਲ ਸਿੰਘ ਵੀ ਮੌਜੂਦ ਰਹੇ। 


ਵਿਰੋਧੀ ਧਿਰ ਦੇ ਨੇਤਾਵਾਂ 'ਤੇ ਵਰ੍ਹਦਿਆਂ ਕੰਗ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ, ਜੋ ਕਿ ਆਮ ਤੌਰ 'ਤੇ ਆਪਣੇ ਆਪ ਨੂੰ "ਪੰਜਾਬ ਹਿਤੈਸ਼ੀ" ਨੇਤਾ ਕਹਿੰਦੇ ਹਨ, ਨੇ ਪੰਜਾਬ ਦਾ ਇੱਕ ਵੀ ਮੁੱਦਾ ਸੰਸਦ 'ਚ ਨਹੀਂ ਉਠਾਇਆ ਅਤੇ ਲੋਕ ਸਭਾ ਵਿੱਚ ਉਨ੍ਹਾਂ ਦੀ ਹਾਜ਼ਰੀ ਸਿਰਫ 15% ਸੀ।


ਉਨ੍ਹਾਂ ਕਿਹਾ ਕਿ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਕਾਂਗਰਸੀ ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਭਾਜਪਾ ਦੇ ਸੰਨੀ ਦਿਓਲ ਨੇ ਵੀ ਪੰਜਾਬ ਨਾਲ ਸਬੰਧਿਤ ਕੋਈ ਵੀ ਮੁੱਦਾ ਸੰਸਦ ਵਿੱਚ ਨਹੀਂ ਉਠਾਇਆ ਅਤੇ ਆਪਣੇ ਨਿੱਜੀ ਹਿੱਤਾਂ ਲਈ ਚੁੱਪ ਰਹੇ। ਸੰਸਦ ਵਿੱਚ ਉਨ੍ਹਾਂ ਦੀ ਘੱਟ ਹਾਜ਼ਰੀ ਵੀ ਪੰਜਾਬ ਅਤੇ ਇਸ ਦੇ ਲੋਕਾਂ ਦੀ ਭਲਾਈ ਪ੍ਰਤੀ ਉਨ੍ਹਾਂ ਦੀ ਗ਼ੈਰ-ਸੰਜੀਦਗੀ ਨੂੰ ਦਰਸਾਉਂਦੀ ਹੈ।


  ਕੰਗ ਨੇ ਕਿਹਾ, “ਵਿਰੋਧੀ ਆਗੂ ਪੰਜਾਬ ਦੇ ਹੱਕਾਂ ਨੂੰ ਢਾਹ ਲਾਉਣ ਲਈ ਕੇਂਦਰ ਸਰਕਾਰ ਨਾਲ ਮਿਲੀਭੁਗਤ ਕਰ ਰਹੇ ਹਨ ਅਤੇ ਕਦੇ ਵੀ ਪੰਜਾਬੀਆਂ ਦੇ ਅਸਲ ਮੁੱਦੇ ਸਦਨ ਵਿੱਚ ਨਹੀਂ ਉਠਾਉਂਦੇ। ਦੂਜੇ ਪਾਸੇ ‘ਆਪ’ ਦੇ ਸੰਸਦ ਮੈਂਬਰਾਂ ਨੇ ਕੇਂਦਰ ਨੂੰ ਸ੍ਰੀ ਹਰਿਮੰਦਰ ਸਾਹਿਬ ਨੇੜੇ ਸਰਾਵਾਂ 'ਤੇ ਜੀ ਐੱਸ ਟੀ ਅਤੇ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਵਰਗੇ ਫ਼ੈਸਲਿਆਂ ਨੂੰ ਵਾਪਸ ਲੈਣ ਲਈ ਮਜ਼ਬੂਰ ਕੀਤਾ ਹੈ।"


ਇਸੇ ਤਰ੍ਹਾਂ ‘ਆਪ’ ਦੇ ਸੰਸਦ ਮੈਂਬਰਾਂ ਜਿਨ੍ਹਾਂ ਵਿੱਚ ਰਾਘਵ ਚੱਢਾ, ਅਸ਼ੋਕ ਮਿੱਤਲ, ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਨੇ ਦੇਸ਼ ਵਿੱਚ ਤੇਲ ਦੀਆਂ ਵਧ ਰਹੀਆਂ ਕੀਮਤਾਂ, ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ, ਹਰਿਮੰਦਰ ਸਾਹਿਬ ਨੇੜੇ ਸਰਾਵਾਂ ’ਤੇ ਲੱਗੇ ਜੀਐਸਟੀ, ਕਿਸਾਨ ਵਿਰੋਧੀ ਨੀਤੀਆਂ ਸਮੇਤ ਹੋਰ ਜ਼ਰੂਰੀ ਮੁੱਦੇ ਦੇਸ਼ ਦੀ ਸੰਸਦ 'ਚ ਉਠਾਏ। 


ਕੰਗ ਨੇ ਕਿਹਾ ਕਿ ਆਪ ਸਾਂਸਦ ਰਾਘਵ ਚਾੜ੍ਹ ਨੇ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਬਿੱਲ ਅਤੇ ਸੰਵਿਧਾਨ ਸੋਧ ਬਿੱਲ 2022 ਸਮੇਤ ਦੋ ਪ੍ਰਾਈਵੇਟ ਮੈਂਬਰ ਬਿੱਲ ਵੀ ਪੇਸ਼ ਕੀਤੇ। ਇਸ ਦੇ ਨਾਲ ਹੀ ‘ਆਪ’ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮਾਂ ਬੋਲੀ ਨਾਲ ਸਬੰਧਿਤ ਅਹਿਮ ਮੁੱਦਾ ਰਾਜ ਸਭਾ ਅੱਗੇ ਰੱਖਿਆ, ਜਿਨ੍ਹਾਂ ਦਾ ਚੇਅਰਮੈਨ ਵੈਂਕਈਆ ਨਾਇਡੂ ਨੇ ਨੋਟਿਸ ਲੈਂਦਿਆਂ ਸਰਕਾਰ ਵੱਲੋਂ 'ਚ ਮਾਂ-ਬੋਲੀ ’ਚ ਪੇਪਰ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।


ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਦੇ ਹੋਏ ਕੰਗ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਏ ਗ਼ਲਤ ਫੈਸਲਿਆਂ ਕਾਰਨ ਬਹੁਤ ਸਾਰੇ ਪੰਜਾਬੀਆਂ ਦਾ ਭਵਿੱਖ ਖ਼ਤਰੇ 'ਚ ਪੈ ਗਿਆ ਹੈ। ਇਹੀ ਕਾਰਨ ਸੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਤੂਬਰ 2021 ਵਿੱਚ ਸ਼ੁਰੂ ਕੀਤੀ ਗਈ 1,158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਨੂੰ ਰੱਦ ਕਰ ਦਿੱਤਾ।


ਸੰਸਦ 'ਚ ਆਪ ਸਾਂਸਦਾਂ ਦੀ ਹਾਜ਼ਰੀ ਅਤੇ ਉਹਨਾਂ ਦੁਆਰਾ ਪੁਛੇ ਗਏ ਸਵਾਲ
 
ਅਸ਼ੋਕ ਮਿੱਤਲ - 39 ਸਵਾਲ, 86% ਹਾਜ਼ਰੀ


ਰਾਘਵ ਚੱਢਾ - 38 ਸਵਾਲ, 93% ਹਾਜ਼ਰੀ ਅਤੇ 2 ਪ੍ਰਾਈਵੇਟ ਮੈਂਬਰ ਬਿੱਲ


ਸੰਤ ਬਲਬੀਰ ਸਿੰਘ ਸੀਚੇਵਾਲ - 93% ਹਾਜ਼ਰੀ ਅਤੇ ਦੋ ਬਹਿਸਾਂ ਵਿੱਚ ਹਿੱਸਾ ਲਿਆ
 
ਸੰਜੀਵ ਅਰੋੜਾ - 93% ਹਾਜ਼ਰੀ, 20 ਸਵਾਲ


ਵਿਕਰਮਜੀਤ ਸਿੰਘ ਸਾਹਨੀ - 93% ਹਾਜ਼ਰੀ ਅਤੇ 4 ਸਵਾਲ


 


ਬਾਕੀ ਪਾਰਟੀਆਂ ਦੇ ਸਾਂਸਦਾਂ ਦੀ ਸਥਿਤੀ 


ਸੁਖਬੀਰ ਸਿੰਘ ਬਾਦਲ - 15% ਹਾਜ਼ਰੀ ਅਤੇ 0 ਸਵਾਲ


ਸਿਮਰਨਜੀਤ ਸਿੰਘ ਮਾਨ - 0 ਸਵਾਲ


ਸੰਨੀ ਦਿਓਲ - 0% ਹਾਜ਼ਰੀ


ਮੁਹੰਮਦ ਸਦੀਕ - 54% ਹਾਜ਼ਰੀ ਪਰ 0 ਸਵਾਲ