Punjab News: ਜਿਲ੍ਹਾ ਕਪੂਰਥਲਾ ਥਾਣਾ ਸਦਰ ਪੁਲਿਸ ਨੇ OLX 'ਤੇ ਵਾਹਨਾਂ ਦੇ ਜਾਅਲੀ VIP ਨੰਬਰ ਲਗਾ ਕੇ NRIs ਅਤੇ ਆਮ ਜਨਤਾ ਨੂੰ ਲੱਖਾਂ ਰੁਪਏ ਵਿੱਚ ਵੇਚ ਕੇ ਠੱਗੀ ਮਾਰਨ ਵਾਲੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਇਹਨਾਂ ਦੇ ਤਿੰਨ ਮੈਂਬਰਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰਕੇ ਅਦਾਲਤ  'ਚ ਪੇਸ਼ ਕੀਤਾ ਜਿੱਥੋਂ ਉਸਦਾ ਦੋ ਦਿਨਾ ਪੁਲਿਸ ਰਿਮਾਂਡ ਲਿਆ ਗਿਆ ਹੈ। 



ਫੜੇ ਗਏ ਮੁਲਜ਼ਮ ਇੰਦਰਜੀਤ ਸਿੰਘ ਅਤੇ ਉਸ ਦੇ ਦੋ ਹੋਰ ਸਾਥੀ ਗੁਰਜਿੰਦਰ ਸਿੰਘ, ਗੁਰਕੀਰਤ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਹਨ।



ਮੁਲਜ਼ਮਾਂ ਨੇ OLX 'ਤੇ VIP ਗੱਡੀ ਦਾ ਨੰਬਰ, PJD-1 ਅਤੇ PJD-7 ਪਾ ਕੇ ਇਹ ਦੋਵੇਂ ਜਾਅਲੀ ਵਾਹਨ ਨੰਬਰ 16 ਲੱਖ ਰੁਪਏ ਵਿੱਚ ਅਮਰੀਕਾ ਰਹਿੰਦੇ ਐਨਆਰਆਈ ਅਨਿਲ ਜੀਤ ਸਿੰਘ ਟੂਰਨਾ ਨੂੰ ਵੇਚ ਦਿੱਤੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਨੰਬਰ ਸਮੇਤ ਇੱਕ ਜਾਅਲੀ ਆਰ.ਸੀ. ਬਣਾ ਕੇ ਦਿੱਤੀ ।



ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦਾ ਨੈੱਟਵਰਕ ਪੂਰੇ ਪੰਜਾਬ ਵਿੱਚ ਸਰਗਰਮ ਹੈ, ਉਸ ਦੇ ਨਾਲ-ਨਾਲ ਕਈ ਲੋਕ ਨੈੱਟਵਰਕ ਗਿਰੋਹ ਚਲਾ ਕੇ ਭੋਲੇ- ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਉਨ੍ਹਾਂ ਖ਼ਿਲਾਫ਼ ਸੂਬੇ ਭਰ ਵਿੱਚ ਕਈ ਕੇਸ ਚੱਲ ਰਹੇ ਹਨ।