ਚੰਡੀਗੜ੍ਹ: ਜਲਦ ਹੀ ਕਾਂਗਰਸੀਆਂ ਤੋਂ ਮਾਰਕੀਟ ਕਮੇਟੀਆਂ ਦੀਆਂ ਚੇਅਰਮੈਨੀਆਂ ਖੁੱਸ ਜਾਣਗੀਆਂ। ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਮਾਰਕੀਟ ਕਮੇਟੀਆਂ ਭੰਗ ਕਰਨ ਜਾ ਰਹੀ ਹੈ। ਇਸ ਵੇਲੇ ਪੰਜਾਬ ਦੀਆਂ ਕੁੱਲ 156 ਮਾਰਕੀਟ ਕਮੇਟੀਆਂ ਉੱਪਰ ਕਾਂਗਰਸੀ ਹੀ ਕਾਬਜ਼ ਹਨ। ਆਮ ਆਦਮੀ ਪਾਰਟੀ ਕਾਂਗਰਸ ਚੇਅਰਮੈਨਾਂ ਨੂੰ ਹਟਾ ਕੇ ਆਪਣੇ ਨੁਮਾਇੰਦੇ ਲਾਉਣ ਦੀ ਤਿਆਰੀ ਕਰ ਰਹੀ ਹੈ।



ਸੂਤਰਾਂ ਮੁਤਾਬਕ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ ਵਿੱਚ ਇਸ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਮੰਡੀ ਬੋਰਡ ਨੇ ਮਾਰਕੀਟ ਕਮੇਟੀਆਂ ਦੇ ਮੌਜੂਦਾ ਚੇਅਰਮੈਨਾਂ ਨੂੰ ਹਟਾਏ ਜਾਣ ਬਾਰੇ ਏਜੰਡਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ। ਪੰਜਾਬ ਕੈਬਨਿਟ ਵੱਲੋਂ ਇਹ ਫ਼ੈਸਲਾ ਲੈਣ ਲਈ ਸਬੰਧਤ ਐਕਟ ਵਿਚ ਸੋਧ ਕੀਤੀ ਜਾਵੇਗੀ।

ਦੱਸ ਦਈਏ ਕਿ ਜਦੋਂ ਕਾਂਗਰਸ ਸਰਕਾਰ ਸੀ ਤਾਂ ਉਦੋਂ ਪੜਾਅਵਾਰ ਮਾਰਕੀਟ ਕਮੇਟੀਆਂ ਦੇ ਚੇਅਰਮੈਨ, ਉਪ ਚੇਅਰਮੈਨ ਤੇ ਮੈਂਬਰ ਨਾਮਜ਼ਦ ਕੀਤੇ ਗਏ ਸਨ। 'ਪੰਜਾਬੀ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਪੰਜਾਬ ਦੀਆਂ 48 ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਤੇ ਉਪ ਚੇਅਰਮੈਨਾਂ ਦੀ ਮਿਆਦ 2022 ਵਿਚ ਖ਼ਤਮ ਹੋ ਰਹੀ ਹੈ ਜਦੋਂਕਿ 90 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਤੇ ਉਪ ਚੇਅਰਮੈਨਾਂ ਦੀ ਮਿਆਦ 2023 ਵਿੱਚ ਖ਼ਤਮ ਹੋਣੀ ਹੈ।

ਇਸੇ ਤਰ੍ਹਾਂ 9 ਮਾਰਕੀਟ ਕਮੇਟੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਦੇ ਚੇਅਰਮੈਨਾਂ ਤੇ ਉਪ ਚੇਅਰਮੈਨਾਂ ਦੀ ਮਿਆਦ 2024 ਵਿਚ ਖ਼ਤਮ ਹੋਣੀ ਹੈ। ਇਸ ਤੋਂ ਇਲਾਵਾ 9 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਆਦਿ ਹਾਲੇ ਨਾਮਜ਼ਦ ਨਹੀਂ ਕੀਤੇ ਗਏ। ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਟਰਮ ਤਿੰਨ ਸਾਲ ਦੀ ਹੁੰਦੀ ਹੈ। ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੇ ਅਖੀਰ ਤੱਕ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਾਮਜ਼ਦ ਕਰਦੀ ਰਹੀ। ‘ਆਪ’ ਸਰਕਾਰ ਆਉਣ ਮਗਰੋਂ ਕਿਸੇ ਵੀ ਚੇਅਰਮੈਨ ਜਾਂ ਉਪ ਚੇਅਰਮੈਨ ਨੇ ਹਾਲੇ ਤੱਕ ਅਸਤੀਫ਼ਾ ਨਹੀਂ ਦਿੱਤਾ।