ਚੰਡੀਗੜ੍ਹ: ਲੁਧਿਆਣਾ ਸ਼ਹਿਰ ਦੇ ਪਿੰਡ ਪਾਇਲ ਦੇ ਪਿੰਡ ਸਿਹੋੜਾ ਵਿਖੇ ਸਥਿਤ ਸ਼ਹੀਦਗੜ੍ਹ ਪਬਲਿਕ ਸਕੂਲ ਦੇ ਸਾਬਕਾ ਡਾਇਰੈਕਟਰ ਅਜੀਤ ਸਿੰਘ ਨਾਲ ਇਸੇ ਪਿੰਡ ਦੇ ਸਾਬਕਾ ਸਰਪੰਚ ਅਤੇ ‘ਆਪ’ ਆਗੂ ਅਵਤਾਰ ਸਿੰਘ ਵੱਲੋਂ ਕੀਤੀ ਕੁੱਟਮਾਰ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ 'ਆਪ' ਨੇਤਾ ਅਵਤਾਰ ਸਿੰਘ ਨਾ ਸਿਰਫ ਕਿਸੇ ਗੱਲ 'ਤੇ ਗੁੱਸੇ 'ਚ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਦੇ ਨਜ਼ਰ ਆਇਆ, ਸਗੋਂ ਉਸ ਦੀ ਪੱਗ ਲਾਹ ਕੇ ਉਸ ਦੇ ਵਾਲ ਵੀ ਪੁੱਟ ਰਿਹਾ ਹੈ। ਇਸ ਸਬੰਧੀ ਪੁਲੀਸ ਨੇ ਅਵਤਾਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਉਧਰ ਇਸ ਘਟਨਾ ਦੀ ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।ਸਿਰਸਾ ਨੇ ਟਵੀਟ ਕੀਤਾ ਹੈ। ਸਿਰਸਾ ਨੇ ਲਿਖਿਆ, "ਆਪ ਆਗੂ ਅਵਤਾਰ ਸਿੰਘ ਨੇ ਸਕੂਲ ਦੇ ਸਾਬਕਾ ਡਾਇਰੈਕਟਰ 72 ਸਾਲਾ ਅਜੀਤ ਸਿੰਘ ਦੀ ਪੱਗ ਲਾਹ ਦਿੱਤੀ ਅਤੇ ਜ਼ਮੀਨ ’ਤੇ ਸੁੱਟ ਕੁੱਟਮਾਰ ਕੀਤੀ। ਇਹ ਉਮਰ ਦਾ ਵੀ ਅਪਮਾਨ ਹੈ ਅਤੇ ਦਸਤਾਰ ਦਾ ਵੀ।ਭਗਵੰਤ ਮਾਨ ਇਹ ਕਿਹੋ ਜਿਹੀ ਤਬਦੀਲੀ ਹੈ? ਅਵਤਾਰ ਸਿੰਘ ਨੂੰ ਦਸਤਾਰ ਦੀ ਬੇਅਦਬੀ ਲਈ ਪੂਰੇ ਪੰਜਾਬ ਤੋਂ ਮੁਆਫੀ ਮੰਗਣੀ ਪਵੇਗੀ।"



ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਸ਼ਹੀਦਗੜ੍ਹ ਪਬਲਿਕ ਸਕੂਲ ਦੇ ਸਾਬਕਾ ਡਾਇਰੈਕਟਰ ਨਾਲ ਸੋਫੇ ’ਤੇ ਬੈਠੇ 65 ਸਾਲਾ ਅਵਤਾਰ ਸਿੰਘ ਨੇ ਅਚਾਨਕ ਗੁੱਸੇ ਵਿੱਚ ਆ ਕੇ 72 ਸਾਲਾ ਅਜੀਤ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਬਜ਼ੁਰਗ ਅਜੀਤ ਸਿੰਘ ਨੂੰ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਦੀ ਪੱਗ ਲਾਹ ਕੇ ਸੁੱਟ ਦਿੱਤੀ। ਇਸ ਤੋਂ ਬਾਅਦ ਅਵਤਾਰ ਸਿੰਘ ਨੇ ਅਜੀਤ ਸਿੰਘ ਦੇ ਵਾਲਾਂ ਤੋਂ ਫੜ ਕੇ ਉਸ 'ਤੇ ਥੱਪੜਾਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ।


ਜਿਸ ਸਮੇਂ ਅਵਤਾਰ ਸਿੰਘ ਸਕੂਲ ਦਫ਼ਤਰ ਵਿੱਚ ਅਜੀਤ ਸਿੰਘ ਦੀ ਕੁੱਟਮਾਰ ਕਰ ਰਿਹਾ ਸੀ, ਉਸ ਸਮੇਂ ਇੱਕ ਹੋਰ ਵਿਅਕਤੀ ਤੋਂ ਇਲਾਵਾ ਸਕੂਲ ਦਾ ਕੁਝ ਸਟਾਫ਼ ਵੀ ਉਸ ਨਾਲ ਮੌਜੂਦ ਸੀ। ਇਨ੍ਹਾਂ ਮੁਲਾਜ਼ਮਾਂ ਨੇ ਅਜੀਤ ਸਿੰਘ ਨੂੰ ਅਵਤਾਰ ਸਿੰਘ ਦੇ ਚੁੰਗਲ ਵਿੱਚੋਂ ਛੁਡਵਾਇਆ। ਦੂਜੇ ਪਾਸੇ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਪਿੰਡ ਸਿਹੋੜਾ ਦੇ ਲੋਕ ਅਜੀਤ ਸਿੰਘ ਦੇ ਸਮਰਥਨ ਵਿੱਚ ਆ ਗਏ ਅਤੇ ਪੁਲੀਸ ਨੂੰ ‘ਆਪ’ ਆਗੂ ਅਵਤਾਰ ਸਿੰਘ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।


ਅਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਸਿਹੋੜਾ ਵਿਖੇ ਸ਼ਹੀਦਗੜ੍ਹ ਪਬਲਿਕ ਸਕੂਲ ਚਲਾ ਰਹੀ ਸੰਸਥਾ ਨਾਲ 17 ਸਾਲਾਂ ਤੋਂ ਜੁੜੇ ਹੋਏ ਹਨ। ਦੋ ਦਿਨ ਪਹਿਲਾਂ ਜਦੋਂ ਅਵਤਾਰ ਸਿੰਘ ਸਕੂਲ ਆਇਆ ਤਾਂ ਉਸ ਦੇ ਨਾਲ ਤਿੰਨ ਹੋਰ ਵਿਅਕਤੀ ਵੀ ਸਕੂਲ ਦੇ ਦਫ਼ਤਰ ਵਿੱਚ ਦਾਖ਼ਲ ਹੋ ਗਏ। ਉਥੇ ਅਵਤਾਰ ਸਿੰਘ ਨੇ ਮਾਮੂਲੀ ਗੱਲ ਨੂੰ ਲੈ ਕੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਪੱਗ ਲਾਹ ਕੇ ਵਾਲਾਂ ਦੀ ਬੇਅਦਬੀ ਕੀਤੀ।


ਇਸ ਦੌਰਾਨ ‘ਆਪ’ ਆਗੂ ਅਵਤਾਰ ਸਿੰਘ ਨੇ ਆਪਣੇ ਸਪੱਸ਼ਟੀਕਰਨ ਵਿੱਚ ਕਿਹਾ ਕਿ ਉਹ ਸਕੂਲ ਪ੍ਰਬੰਧਕ ਕਮੇਟੀ ਦੇ ਤਿੰਨ ਮੈਂਬਰਾਂ ਨਾਲ ਸਕੂਲ ਵਿੱਚ ਗਏ ਸਨ। ਉਥੇ ਅਜੀਤ ਸਿੰਘ ਨੇ ਉਸ ਨਾਲ ਦੁਰਵਿਵਹਾਰ ਕੀਤਾ। ਇਸ ਮਾਮਲੇ ਸਬੰਧੀ ਐਸਐਚਓ ਗੁਰਦੀਪ ਸਿੰਘ ਬਰਾੜ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ। ਸੀਸੀਟੀਵੀ ਫੁਟੇਜ ਅਤੇ ਸ਼ਿਕਾਇਤ ਤੋਂ ਬਾਅਦ ਅਵਤਾਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।