ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ 'ਰੂਲਜ਼ ਆਫ ਪ੍ਰੋਸੀਜਰ ਐਂਡ ਕੰਡਕਟ ਆਫ ਬਿਜ਼ਨਸ' ਦੇ ਨਿਯਮ 267 ਦੇ ਤਹਿਤ ਸਦਨ ਦੀ ਮੁਅੱਤਲੀ ਦਾ ਨੋਟਿਸ ਦਿੱਤਾ ਅਤੇ ਚੀਨ ਵਿੱਚ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਅਤੇ ਭਾਰਤ ਉੱਤੇ ਇਸ ਦੇ ਪ੍ਰਭਾਵ ਬਾਰੇ ਚਰਚਾ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਏਸ਼ੀਆਈ ਦੇਸ਼ਾਂ ਰਾਹੀਂ ਚੀਨ ਤੋਂ ਭਾਰਤ ਤੱਕ ਦੀਆਂ ਉਡਾਣਾਂ 'ਤੇ ਵੀ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਅਤੇ ਪ੍ਰਭਾਵਿਤ ਦੇਸ਼ਾਂ ਦੇ ਅੰਤਰਰਾਸ਼ਟਰੀ ਯਾਤਰੀਆਂ ਲਈ ਇੱਕ ਨਿਸ਼ਚਿਤ ਸਮੇਂ ਲਈ ਲਾਜ਼ਮੀ ਕੁਆਰੰਟੀਨ 'ਤੇ ਵੀ ਵਿਚਾਰ ਕਰਨ ਲਈ ਕਿਹਾ।

ਆਪਣੇ ਲਿਖਤੀ ਨੋਟਿਸ ਵਿੱਚ ਰਾਘਵ ਚੱਢਾ ਨੇ ਕਿਹਾ ਕਿ ਚੀਨ ਵਿੱਚ ਕੋਰੋਨਾ ਵਾਇਰਸ ਕੇਸਾਂ ਵਿੱਚ ਓਮੀਕਰੋਨ ਦੇ ਇੱਕ ਘਾਤਕ ਵੇਰੀਏਂਟ ਵਿੱਚ ਚਿੰਤਾਜਨਕ ਵਾਧਾ ਦੇਖਿਆ ਜਾ ਰਿਹਾ ਹੈ ਜੋ ਕਿ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਮਹਾਂਮਾਰੀ ਵਿਗਿਆਨੀ ਆਉਣ ਵਾਲੇ ਮਹੀਨਿਆਂ ਦੌਰਾਨ ਦੇਸ਼ ਵਿੱਚ ਇਸ ਵਾਇਰਸ ਦੀਆਂ ਘੱਟੋ-ਘੱਟ ਤਿੰਨ ਲਹਿਰਾਂ ਦੀ ਭਵਿੱਖਬਾਣੀ ਕਰ ਰਹੇ ਹਨ।

 ਰਾਘਵ ਚੱਢਾ ਨੇ ਕਿਹਾ ਕਿ ਵਾਇਰਸ ਨੇ ਚੀਨ ਵਿੱਚ ਪਹਿਲਾਂ ਹੀ ਤਬਾਹੀ ਮਚਾ ਦਿੱਤੀ ਹੈ ਅਤੇ ਉੱਥੋਂ ਦੀ ਸਿਹਤ ਪ੍ਰਣਾਲੀ ਪੂਰੀ ਤਰ੍ਹਾਂ ਹਿੱਲ ਗਈ ਹੈ। ਰਿਪੋਰਟਾਂ ਦਰਸਾਉਂਦੀਆਂ ਹਨ ਕਿ ਹਸਪਤਾਲਾਂ ਵਿੱਚ ਬਿਸਤਰੇ ਨਹੀਂ ਹਨ, ਦਵਾਈਆਂ ਦਾ ਸਟਾਕ ਖਤਮ ਹੋ ਰਿਹਾ ਹੈ ਅਤੇ ਮੁਰਦਾਘਰਾਂ ਵਿੱਚ ਜਗ੍ਹਾ ਦੀ ਕਮੀ ਹੈ। ਮਹਾਂਮਾਰੀ ਕਾਰਨ ਹੋ ਰਹੀ ਤਬਾਹੀ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਆ ਰਹੇ ਹਨ ਅਤੇ ਲੋਕਾਂ ਵਿਚ ਇਨ੍ਹਾਂ ਕਰਕੇ ਡਰ ਦਾ ਮਾਹੌਲ ਬਣ ਰਿਹਾ ਹੈ।

ਦੂਜੀ ਲਹਿਰ ਦੌਰਾਨ ਕੋਵਿਡ-19 ਦੀ ਸਥਿਤੀ ਨਾਲ ਨਜਿੱਠਣ ਲਈ ਕੁਪ੍ਰਬੰਧਨ ਕਰਨ 'ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਨੇ 2020 ਦੇ ਸ਼ੁਰੂ ਅਤੇ ਅੰਤ ਵਿੱਚ ਮਹਾਂਮਾਰੀ ਦੇ ਸ਼ੁਰੂਆਤੀ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਅਤੇ ਅੰਤਰਰਾਸ਼ਟਰੀ ਹਵਾਈ ਸੰਪਰਕ ਦੇ ਪ੍ਰਬੰਧਨ ਮਾਮਲੇ ਵਿੱਚ ਦੇਰੀ ਕੀਤੀ ਸੀ ਜਿਸ ਨਾਲ ਵਾਇਰਸ ਤੇਜ਼ੀ ਨਾਲ ਦੇਸ਼ ਭਰ ਵਿੱਚ ਫੈਲ ਗਿਆ ਸੀ।

'ਆਪ' ਸੰਸਦ ਮੈਂਬਰ ਨੇ ਕਿਹਾ ਕਿ ਨਵੇਂ ਵੇਰੀਏਂਟ ਨੂੰ ਟਰੈਕ ਕਰਨ ਅਤੇ ਚੇਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨ ਵਿੱਚ ਲਾਪਰਵਾਹੀ ਨੇ ਸਾਡੇ ਦੇਸ਼ ਨੂੰ ਕੋਵਿਡ ਦੀ ਦੂਜੀ ਲਹਿਰ ਵੱਲ ਧਕੇਲ ਦਿੱਤਾ ਸੀ ,ਜੋ ਸਾਡੀ ਸਿਹਤ ਪ੍ਰਣਾਲੀ 'ਤੇ ਪੂਰੀ ਤਰ੍ਹਾਂ ਹਾਵੀ ਹੋ ਗਈ ਸੀ ਅਤੇ ਲੱਖਾਂ ਭਾਰਤੀਆਂ ਦੀ ਮੌਤ ਹੋ ਗਈ ਸੀ।  ਭਾਰਤ ਵਿੱਚ ਵੀ ਚੀਨ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਨਵੇਂ ਵੇਰੀਏਂਟ ਦੇ ਚਾਰ ਮਾਮਲਿਆਂ ਦਾ ਪਤਾ ਲੱਗਣ 'ਤੇ ਚਿੰਤਾ ਪ੍ਰਗਟ ਕਰਦਿਆਂ ਚੱਢਾ ਨੇ ਕਿਹਾ ਕਿ ਪੂਰਾ ਵਿਸ਼ਵ ਹਾਈ ਅਲਰਟ 'ਤੇ ਹੈ। ਅਸੀਂ ਨਾ ਤਾਂ ਢਿੱਲ ਬਰਦਾਸ਼ਤ ਕਰ ਸਕਦੇ ਹਾਂ ਅਤੇ ਨਾ ਹੀ ਖਾਲੀ ਭਰੋਸਾ ਦੇਣ ਵਾਲੀਆਂ ਸੁਰਖੀਆਂ।

ਉਨ੍ਹਾਂ ਚੀਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਜਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਹਾਲਾਂਕਿ, ਸਾਨੂੰ ਹੋਰ ਵੀ ਮਜ਼ਬੂਤ ਉਪਾਵਾਂ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਹਾਂਮਾਰੀ ਦਾ ਪ੍ਰਬੰਧਨ ਕੇਂਦਰ ਅਤੇ ਸਾਰੀਆਂ ਰਾਜ ਸਰਕਾਰਾਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਇਸ ਲਈ ਇਸ ਨਵੇਂ ਵੇਰੀਏਂਟ ਤੋਂ ਪੈਦਾ ਹੋਏ ਖਤਰੇ ਅਤੇ ਇਸ ਨਾਲ ਨਜਿੱਠਣ ਲਈ ਸਰਕਾਰ ਦੀ ਤਿਆਰੀ 'ਤੇ ਸੰਸਦ 'ਚ ਚਰਚਾ ਦੀ ਸਖ਼ਤ ਲੋੜ ਹੈ।