ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸਕੂਲਾਂ ਦੇ 8,886 ਅਧਿਆਪਕਾਂ ਦੀਆਂ ਤਨਖ਼ਾਹਾਂ 42,800 ਰੁਪਏ ਤੋਂ ਘਟਾ ਕੇ ਮਹਿਜ਼ 15,000 ਰੁਪਏ ਕਰਨ ਸਬੰਧੀ ਕੈਪਟਨ ਸਰਕਾਰ ਦੇ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ 'ਆਪ' ਦੇ ਹੋਰ ਵਿਧਾਇਕਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਰਾਸ਼ਟਰ ਨਿਰਮਾਤਾਵਾਂ ਦਾ ਨਿਰਾਦਰ ਕੀਤਾ ਹੈ।
'ਆਪ' ਆਗੂਆਂ ਦਾ ਕਹਿਣਾ ਹੈ ਕਿ ਸਾਜ਼ਿਸ਼ ਤਹਿਤ ਪਹਿਲਾਂ ਹੀ ਹਾਸ਼ੀਏ 'ਤੇ ਚੱਲ ਰਹੇ ਸਰਕਾਰੀ ਸਕੂਲਾਂ ਨੂੰ ਬਿਲਕੁਲ ਖ਼ਤਮ ਕੀਤਾ ਜਾ ਰਿਹਾ ਹੈ ਤੇ ਅਧਿਆਪਕਾਂ ਨੂੰ ਨਿਗੂਣੀ ਤਨਖ਼ਾਹ ਦੀ ਪੇਸ਼ਕਸ਼ ਕਰ ਕੇ ਕੈਪਟਨ ਸਰਕਾਰ ਨੇ ਵੀ ਆਪਣੇ ਸਾਜ਼ਿਸ਼ੀ ਇਰਾਦੇ ਜ਼ਾਹਿਰ ਕਰ ਦਿੱਤੇ ਹਨ।
'ਆਪ' ਆਗੂਆਂ ਨੇ ਕਿਹਾ ਕਿ ਜੋ ਅਧਿਆਪਕ ਪੂਰੀ ਭਰਤੀ ਪ੍ਰਕਿਰਿਆ ਅਤੇ ਯੋਗਤਾ ਦੇ ਆਧਾਰ 'ਤੇ 10-10 ਸਾਲਾਂ ਤੋਂ ਪੜ੍ਹਾ ਰਹੇ ਹਨ, ਉਨ੍ਹਾਂ ਦੀਆਂ ਤਨਖਾਹਾਂ ਘਟਣ ਦੀ ਥਾਂ ਵਧਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ 'ਆਪ' ਆਗੂਆਂ ਨੇ ਠੇਕਾ ਆਧਾਰਿਤ 5178 ਅਧਿਆਪਕਾਂ ਨੂੰ ਵੀ ਤੁਰੰਤ ਪੂਰੇ ਵੇਤਨ ਤੇ ਪੱਕਾ ਕਰਨ ਦੀ ਮੰਗ ਕੀਤੀ। ਇਹ ਅਧਿਆਪਕ ਸਤੰਬਰ, 2017 ਤੱਕ ਆਪਣਾ ਤਿੰਨ ਸਾਲ ਦਾ ਪ੍ਰੋਬੇਸ਼ਨ ਪੀਰੀਅਡ ਪੂਰਾ ਕਰ ਚੁੱਕੇ ਹਨ। 4 ਸਾਲ ਬੀਤਣ ਦੇ ਬਾਵਜੂਦ ਇਹਨਾਂ ਨੂੰ ਪੱਕਾ ਕਰਨ ਦੀ ਥਾਂ ਤਿੰਨ ਸਾਲ ਦੇ ਹੋਰ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਰੱਖ ਦਿੱਤੀ ਗਈ।
'ਆਪ' ਆਗੂਆਂ ਨੇ ਇਨ੍ਹਾਂ ਅਧਿਆਪਕ ਸੰਗਠਨਾਂ ਵੱਲੋਂ ਵਿੱਢੇ ਜਾ ਰਹੇ ਸੰਘਰਸ਼ਾਂ ਦੀ ਪੂਰਨ ਹਮਾਇਤ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਿੱਖਿਆ ਮੰਤਰੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਸਿੱਖਿਆ ਮਾਡਲ ਸਮਝਾਉਣ ਅਤੇ ਦੇਖਣ ਲਈ ਦਿੱਲੀ ਭੇਜਣ। ਜਿਸ ਤਹਿਤ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਸਮੁੱਚੀ ਕਾਇਆ ਹੀ ਕਲਪ ਕਰ ਦਿੱਤੀ ਹੈ।