Punjab News: ਆਮ ਆਦਮੀ ਪਾਰਟੀ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਤੇ ਬੁੱਡਲਾਢੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਭਾਰੀ ਮੀਂਹ ਕਾਰਨ ਪੰਜਾਬ ਵਿੱਚ ਬਣੀ ਹੜ੍ਹਾਂ ਦੀ ਸਥਿਤੀ 'ਤੇ ਜਿੱਥੇ ਚਿੰਤਾ ਜ਼ਾਹਿਰ ਕੀਤੀ ਉੱਥੇ ਉਨ੍ਹਾਂ ਇਸ ਔਖੇ ਵੇਲੇ 'ਆਪ ਦੇ ਸਮੂਹ ਆਗੂਆਂ ਤੇ ਵਲੰਟੀਅਰਾਂ ਨੂੰ ਲੋਕਾਂ ਦੀ ਮਦਦ ਕਰਨ ਲਈ ਕਿਹਾ ਹੈ।






ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਪੰਜਾਬ ਵਿੱਚ ਕਹਿਰ ਢਾਹਿਆ ਹੋਇਆ ਹੈ, ਅਨੰਦਪੁਰ ਸਾਹਿਬ, ਰੋਪੜ, ਪਟਿਆਲਾ, ਗੜ੍ਹਸ਼ੰਕਰ ਜਿਹੇ ਇਲਾਕਿਆਂ ਵਿਚ ਇਹ ਮੰਜ਼ਰ ਹੋਰ ਵੀ ਭਿਆਨਕ ਹੈ। ਲੋਕਾਂ ਦੀਆਂ ਫ਼ਸਲਾਂ ਡੁੱਬ ਚੁੱਕੀਆਂ ਹਨ, ਘਰਾਂ ਵਿੱਚ ਪਾਣੀ ਭਰ ਗਿਆ ਹੈ। ਇਸ ਔਖੀ ਘੜੀ ਸਾਡਾ ਸਭ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੀਏ। 


ਉਨ੍ਹਾਂ 'ਆਪ ਪੰਜਾਬ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੂੰ ਇਸ ਨਾਜ਼ੁਕ ਹਾਲਾਤਾਂ ਵਿੱਚ ਲੋੜਵੰਦਾਂ ਤੱਕ ਭੋਜਨ, ਕੱਪੜਾ, ਚਾਰਾ ਆਦਿ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਸਮਾਂ ਇਨਸਾਨੀਅਤ ਦੀ ਸੇਵਾ ਦਾ ਹੈ ਤੇ ਆਪਾਂ ਸਭ ਨੇ ਇਸ ਸੇਵਾ ਵਿਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਹੈ।


ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਾ ਆਉਣ। ਉਨ੍ਹਾਂ ਕਿਹਾ ਹੈ ਕਿ ਸਰਕਾਰ ਲੋਕਾਂ ਦੇ ਨਾਲ ਹੈ ਤੇ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।


ਮੁੱਖ ਮੰਤਰੀ ਭਗਵੰਤ ਮਾਨ ਨੇ ਵਟੀਟ ਕੀਤਾ ਹੈ ਕਿ ਪੰਜਾਬ ਦੇ ਵਸਨੀਕਾਂ ਨੂੰ ਮੇਰੀ ਅਪੀਲ ਹੈ ਕਿ ਕਿਸੇ ਕਿਸਮ ਦੀ ਘਬਰਾਹਟ ਵਿੱਚ ਨਾ ਆਉਣ...ਮੈਂ ਪੰਜਾਬ ਦੇ ਹਰ ਛੋਟੇ ਵੱਡੇ ਅਧਿਕਾਰੀਆਂ ਨਾਲ ਪੰਜਾਬ ਦੇ ਕੋਨੇ ਕੋਨੇ ਤੋਂ ਪਾਣੀ ਦੀ ਪਲ ਪਲ ਦੀ ਜਾਣਕਾਰੀ ਲੈ ਰਿਹਾ ਹਾਂ...ਕੁਦਰਤੀ ਆਫ਼ਤ ਹੈ ਮਿਲਜੁਲ ਕੇ ਇਸ ਦਾ ਸਾਹਮਣਾ ਕਰਾਂਗੇ..ਸਰਕਾਰ ਲੋਕਾਂ ਦੇ ਨਾਲ ਹੈ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ..।


ਇਨ੍ਹਾਂ ਇਲਾਕਿਆਂ 'ਚ ਪਵੇਗਾ ਮੀਂਹ


ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ, ਧੂਰੀ, ਮਾਲੇਰਕੋਟਲਾ, ਸਮਾਣਾ, ਪਟਿਆਲਾ, ਨਾਭਾ, ਰਾਜਪੁਰਾ, ਸਮਰਾਲਾ, ਰੂਪਨਗਰ, ਬਲਾਚੌਰ, ਲੁਧਿਆਣਾ ਪੱਛਮੀ, ਫਿਲੌਰ, ਫਗਵਾੜਾ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ ਵਿੱਚ ਬਾਰਸ਼ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।