ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਬੁੱਧਵਾਰ ਨੂੰ ਸ਼ਰਾਬ ਮਾਫ਼ੀਆ ਦੇ ਮੁੱਦੇ 'ਤੇ ਪੰਜਾਬ ਸਰਕਾਰੀ ਨੂੰ ਸਦਨ ਦੇ ਅੰਦਰ ਅਤੇ ਬਾਹਰ ਜ਼ੋਰਦਾਰ ਤਰੀਕੇ ਨਾਲ ਘੇਰਿਆ।



ਜਦੋਂ 'ਆਪ' ਵਿਧਾਇਕ ਅਮਨ ਅਰੋੜਾ ਨੇ ਸਿਫ਼ਰ ਕਾਲ ਦੌਰਾਨ ਸਪੀਕਰ ਨੂੰ ਸੌਂਪੇ ਪ੍ਰਾਈਵੇਟ ਮੈਂਬਰ ਬਿਲ ਨੂੰ ਰੱਦ ਕਰਨ ਦਾ ਕਾਰਨ ਪੁੱਛਦੇ ਹੋਏ ਇਹ ਮੁੱਦਾ ਉਠਾਇਆ ਅਤੇ ਇਸ ਦਾ ਵਿਰੋਧ ਕਰਦੇ ਹੋਏ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਾਕਆਊਟ ਕੀਤਾ।



ਇਸ ਉਪਰੰਤ ਵਿਧਾਨ ਸਭਾ ਦੀ ਪ੍ਰੈਸ ਗੈਲਰੀ 'ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਦੋਸ਼ ਲਗਾਏ ਕਿ ਉਹ ਸੂਬੇ 'ਚ 10 ਹਜ਼ਾਰ ਕਰੋੜ ਦੇ ਸ਼ਰਾਬ ਮਾਫ਼ੀਆ ਦੀ ਸਰਪ੍ਰਸਤੀ ਕਰ ਰਹੇ ਹਨ।



ਅਮਨ ਅਰੋੜਾ ਨੇ ਆਰਟੀਆਈ ਤਹਿਤ ਇਕੱਤਰ ਕੀਤੇ 300 ਪੰਨਿਆਂ ਦੇ ਦਸਤਾਵੇਜ਼ ਮੀਡੀਆ ਸਾਹਮਣੇ ਜਾਰੀ ਕਰਦੇ ਹੋਏ ਦੱਸਿਆ ਕਿ ਪਹਿਲੀ ਅਪ੍ਰੈਲ 2018 ਤੋਂ 31 ਦਸੰਬਰ 2018 ਤੱਕ 26 ਅਕਸਾਇਜ ਜ਼ਿਲ੍ਹਿਆਂ 'ਚੋਂ 21 ਜ਼ਿਲ੍ਹਿਆਂ 'ਚ 2116 ਸ਼ਰਾਬ ਤਸਕਰੀ ਦੇ ਮਾਮਲੇ ਦਰਜ ਹੋਏ ਹਨ।



ਅਮਨ ਅਰੋੜਾ ਨੇ ਕਿਹਾ ਕਿ ਸੂਬੇ 'ਚ ਸ਼ਰਾਬ ਦੀ ਕੁੱਲ ਤਸਕਰੀ ਮੁਕਾਬਲੇ ਦਰਜ ਹੋਣ ਵਾਲੇ ਮਾਮਲੇ ਮਹਿਜ਼ 5-7 ਪ੍ਰਤੀਸ਼ਤ ਬਣਦੇ ਹਨ। ਜਦਕਿ ਪ੍ਰਤੀ ਸਾਲ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸ਼ਰਾਬ 2 ਨੰਬਰ 'ਚ ਵਿਕਦੀ ਹੈ। ਜਿਸ ਨੂੰ ਸਰਕਾਰ ਦੀ ਸਿੱਧੀ ਸਰਪ੍ਰਸਤੀ ਹੈ। ਅਮਨ ਅਰੋੜਾ ਨੇ ਕਿਹਾ ਕਿ ਸ਼ਰਾਬ ਦੀਆਂ ਫ਼ੈਕਟਰੀਆਂ ਦੇ ਸਿਆਸਤਦਾਨ ਅਤੇ ਰਸੂਖਦਾਰ ਮਾਲਕ ਹਨ। ਇਹ ਅਫ਼ਸਰਾਂ ਦੀ ਮਿਲੀਭੁਗਤ ਨਾਲ ਲੋਕਾਂ ਅਤੇ ਖ਼ਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ।



ਅਮਨ ਅਰੋੜਾ ਨੇ ਰਾਣਾ ਸ਼ੁਗਰਜ਼ ਤਰਨਤਾਰਨ, ਐਨਬੀ ਡਿਸਟਿਲਰੀ ਰਾਜਪੁਰਾ, ਓਮ ਸੰਨਜ਼ ਬਠਿੰਡਾ, ਮਾਰਲ ਬਰੋਜ ਫ਼ਿਰੋਜ਼ਪੁਰ, ਚੱਢਾ ਡਿਸਟਿਲਰੀ ਅਤੇ ਸੀਬੀਡੀਐਲ ਬਨੂੜ ਸਮੇਤ ਹੋਰ ਸ਼ਰਾਬ ਫ਼ੈਕਟਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਹ ਡਿਸਟਿਲਰੀਜ਼ ਦੂਸਰੇ ਸੂਬਿਆਂ 'ਚ ਵਿੱਕਰੀ ਦੇ ਮਾਰਕਾ ਅਤੇ ਬਿਨਾਂ ਹੋਲੋਗ੍ਰਾਮ ਵਾਲੀਆਂ ਬੋਤਲਾਂ ਰਾਹੀਂ ਸ਼ਰਾਬ ਦੀ ਧੜੱਲੇ ਨਾਲ ਤਸਕਰੀ ਕਰਦੇ ਹਨ।



ਅਮਨ ਅਰੋੜਾ ਨੇ ਦੱਸਿਆ ਕਿ ਇੰਨਾ 9 ਮਹੀਨਿਆਂ 'ਚ 1.56 ਲੱਖ ਡੱਬੇ ਸ਼ਰਾਬ ਫੜੀ ਗਈ ਹੈ। ਇਕੱਲੇ ਬਠਿੰਡਾ ਜ਼ਿਲ੍ਹੇ 'ਚ 500 ਤੋਂ ਵੱਧ ਐਫਆਈਆਰ ਦਰਜ ਹੋਈਆਂ ਹਨ।



ਅਮਨ ਅਰੋੜਾ ਨੇ ਕਿਹਾ ਕਿ ਜੇਕਰ ਸਰਕਾਰ ਤਾਮਿਲਨਾਡੂ ਅਤੇ ਦਿੱਲੀ 'ਦੀ ਤਰਜ਼ ਤੇ ਸਰਕਾਰ ਸ਼ਰਾਬ ਨਿਗਮ ਬਣਾਉਂਦੀ ਹੈ ਤਾਂ ਸ਼ਰਾਬ ਤੋਂ ਜੋ ਹੁਣ 5500 ਕਰੋੜ ਰੁਪਏ ਦਾ ਮਾਲੀਆ ਹੁੰਦਾ ਹੈ। ਉਹ 11000 ਕਰੋੜ ਤੋਂ ਪਾਰ ਜਾ ਸਕਦਾ ਹੈ।



ਅਮਨ ਅਰੋੜਾ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਵੀ ਬਾਦਲਾਂ ਦੀ ਤਰਾਂ ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ 'ਚ ਅਸਫਲ ਰਹਿੰਦੀ ਹੈ ਤਾਂ 2022 'ਚ ਲੋਕਾਂ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਲੀਕਰ ਕਾਰਪੋਰੇਸ਼ਨ (ਸ਼ਰਾਬ ਨਿਗਮ) ਬਣਾ ਕੇ ਸ਼ਰਾਬ ਮਾਫ਼ੀਆ ਦਾ ਲੱਕ ਤੋੜੇਗੀ।