ਚੰਡੀਗੜ੍ਹ: ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਵਿਭਾਗ ਦੇ ਅਕਸ ਨੂੰ ਢਾਹ ਲਾਉਣ ਤੋਂ ਬਾਜ਼ ਨਹੀਂ ਆ ਰਹੇ ਹਨ। ਫਗਵਾੜਾ 'ਚ ਐਸਐਚਓ ਨਵਦੀਪ ਸਿੰਘ ਵੱਲੋਂ ਸਬਜ਼ੀ ਦੁਕਾਨਦਾਰ ਦੀ ਟੋਕਰੀ ਨੂੰ ਲੱਤ ਮਾਰਨ ਦਾ ਮਾਮਲਾ ਅਜੇ ਠੰਢਾ ਨਹੀਂ ਸੀ ਹੋਇਆ ਸੀ ਕਿ ਖਾਕੀ ਇੱਕ ਵਾਰ ਫਿਰ ਸ਼ਰਮਸਾਰ ਹੋ ਗਈ। ਥਾਣਾ ਲਾਈਨ ਬਟਾਲਾ 'ਚ ਤਾਇਨਾਤ ਏਐਸਆਈ ਰਾਜ ਕੁਮਾਰ ਨੇ ਬਟਾਲਾ-ਡੇਰਾ ਬਾਬਾ ਨਾਨਕ ਸੜਕ 'ਤੇ ਸਥਿਤ ਅੱਡਾ ਤਾਰਾਗੜ੍ਹ 'ਚ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਖੂਬ ਹੰਗਾਮਾ ਕੀਤਾ ਤੇ ਰਾਹਗੀਰਾਂ ਨੂੰ ਗਾਲ੍ਹਾਂ ਵੀ ਕੱਢੀਆਂ।

ਇੱਕ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਰਵਾਰ ਨੂੰ ਵੀਡੀਓ ਜ਼ਿਲ੍ਹੇ ਭਰ 'ਚ ਵਾਇਰਲ ਹੋਈ। ਲੋਕਾਂ ਨੇ ਇਸ 'ਤੇ ਖੂਬ ਕੁਮੈਂਟ ਕੀਤੇ। ਇਸ ਤੋਂ ਬਾਅਦ ਐਸਐਸਪੀ ਰਛਪਾਲ ਸਿੰਘ ਨੇ ਮੁਲਜ਼ਮ ਏਐਸਆਈ ਨੂੰ ਮੁਅੱਤਲ ਕਰ ਦਿੱਤਾ। ਬਾਅਦ 'ਚ ਪੰਜਾਬ ਪੁਲਿਸ ਨੇ ਇਕ ਟਵੀਟ 'ਚ ਕਿਹਾ ਕਿ ਏਐਸਆਈ ਰਛਪਾਲ ਸਿੰਘ ਨੂੰ ਹੈੱਡ ਕਾਂਸਟੇਬਲ ਵਜੋਂ ਡਿਮੋਟ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਅੱਡਾ ਤਾਰਾਗੜ੍ਹ 'ਤੇ ਪੁਲਿਸ ਦਾ ਨਾਕਾ ਹੈ। ਵੀਡੀਓ 'ਚ ਇਸੇ ਥਾਂ 'ਤੇ ਏਐਸਆਈ ਨੇ ਨਸ਼ੇ ਦੀ ਹਾਲਤ 'ਚ ਹੰਗਾਮਾ ਕੀਤਾ। ਇਹ ਅੱਡ ਤਾਰਾਗੜ੍ਹ ਥਾਣਾ ਲਾਲ ਸਿੰਘ ਦੇ ਅਧੀਨ ਆਉਂਦਾ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਜਦੋਂ ਇਸ ਪੁਲਿਸ ਅਧਿਕਾਰੀ ਦੀ ਨੇਮ ਪਲੇਟ 'ਤੇ ਲਿਖਿਆ ਨਾਮ ਪੜ੍ਹਿਆ ਤਾਂ ਉਸ 'ਤੇ ਰਾਜ ਕੁਮਾਰ ਲਿਖਿਆ ਹੋਇਆ ਸੀ। ਜਦੋਂ ਉਸ ਵਿਅਕਤੀ ਨੇ ਆਪਣਾ ਕੈਮਰਾ ਪੁਲਿਸ ਅਧਿਕਾਰੀ ਦੀ ਨੇਮ ਪਲੇਟ 'ਤੇ ਕੀਤਾ ਤਾਂ ਉਹ ਹੋਰ ਭੜਕ ਗਿਆ ਅਤੇ ਡੀਜੀਪੀ ਦੇ ਨਾਮ ਦੀ ਧਮਕੀ ਦੇਣ ਲੱਗਾ। ਇਹ ਡਰਾਮਾ ਕਾਫ਼ੀ ਸਮੇਂ ਤਕ ਚਲਦਾ ਰਿਹਾ। ਬਾਅਦ 'ਚ ਏਐਸਆਈ ਉਥੋਂ ਚਲਿਆ ਗਿਆ।

ਇਸ ਮਾਮਲੇ ਬਾਰੇ ਥਾਣਾ ਕਿਲਾ ਲਾਲ ਸਿੰਘ ਦੇ ਇੰਚਾਰਜ ਹਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਉਸੇ ਸਮੇਂ ਪੁਲਿਸ ਸਟਾਫ਼ ਨੂੰ ਮੌਕੇ 'ਤੇ ਭੇਜਿਆ, ਪਰ ਉਦੋਂ ਤਕ ਏਐਸਆਈ ਉਥੋਂ ਚਲਾ ਗਿਆ ਸੀ। ਬਟਾਲਾ ਦੀ ਡੀਐਸਪੀ ਸਿਟੀ ਪਰਮਿੰਦਰ ਕੌਰ ਨੇ ਦੱਸਿਆ ਕਿ ਏਐਸਆਈ ਨੂੰ ਵੀਰਵਾਰ ਨੂੰ ਐਸਐਸਪੀ ਰਛਪਾਲ ਸਿੰਘ ਨੇ ਤਲਬ ਕੀਤਾ ਸੀ। ਬਾਅਦ 'ਚ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ।

ਦੱਸ ਦੇਈਏ ਕਿ ਪੰਜਾਬ ਪੁਲਿਸ ਦੇ ਅਕਸ ਨੂੰ ਲਗਾਤਾਰ ਦੂਜੇ ਦਿਨ ਦਾਗ ਲੱਗਿਆ ਹੈ। ਬੁੱਧਵਾਰ ਨੂੰ ਡੀਜੀਪੀ ਦਿਨਕਰ ਗੁਪਤਾ ਨੇ ਥਾਣਾ ਸਿਟੀ ਫਗਵਾੜਾ ਦੇ ਐਸਐਚਓ ਨਵਦੀਪ ਸਿੰਘ ਨੂੰ ਮੁਅੱਤਲ ਕੀਤਾ ਸੀ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਫਗਵਾੜਾ 'ਚ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਂਦੇ ਹੋਏ ਨਵਦੀਪ ਸਿੰਘ ਵੱਲੋਂ ਸਬਜ਼ੀ ਦੀ ਟੋਕਰੀ ਨੂੰ ਲੱਤ ਮਾਰਨ ਦੀ ਵੀਡੀਓ ਵਾਇਰਲ ਹੋਈ ਸੀ। ਡੀਜੀਪੀ ਨੇ ਟਵੀਟ ਕੀਤਾ ਸੀ ਕਿ ਪੁਲਿਸ ਵਿਭਾਗ 'ਚ ਅਜਿਹੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।