ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਜਾਰੀ ਕਲੇਸ਼ ਵਿੱਚ ਲੱਗ ਰਿਹਾ ਸੀ ਕਿ ਨਵਜੋਤ ਸਿੱਧੂ ਦੇ ਹੱਥ ਸੂਬਾ ਪ੍ਰਧਾਨ ਦੀ ਕਮਾਨ ਸੌਂਪ ਦਿੱਤੀ ਜਾਵੇਗੀ। ਇਨ੍ਹਾਂ ਸਭ ਦੇ ਵਿੱਚ ਤੇਜ਼ੀ ਨਾਲ ਸਮੀਕਰਨ ਬਦਲਦੇ ਦਿਖ ਰਹੇ ਹਨ। ਇਨ੍ਹਾਂ ਬਦਲਦੇ ਸਮੀਕਰਨਾਂ ਨਾਲ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਦੀ ਰਾਹ ਮੁਸ਼ਕਲ ਹੋ ਗਈ ਹੈ।


ਸ਼ਨੀਵਾਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਸਵਾਂ ਵਾਲੇ ਫਾਰਮ ਹਾਊਸ 'ਤੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਵਿਧਾਨ ਸਭਾ ਸਪੀਕਰ ਰਾਣਾ ਕੇਪੀ ਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਡਿਨਰ ਪਾਰਟੀ 'ਤੇ ਬੁਲਾਇਆ। ਕੈਪਟਨ ਦੇ ਡਿਨਰ ਵਾਲੇ ਦਾਅ ਦਾ ਅੱਜ ਇਹ ਅਸਰ ਹੋਇਆ ਹੈ ਕਿ ਇਨ੍ਹਾਂ ਸਾਰੇ ਲੀਡਰਾਂ ਨੇ ਸਿੱਧੂ 'ਤੇ ਕਿਸੇ ਤਰ੍ਹਾਂ ਦਾ ਫੈਸਲਾ ਲੈਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਮਿਲਣ ਦਾ ਸਮਾਂ ਮੰਗਿਆ ਹੈ।


ਸੂਤਰਾਂ ਮੁਤਾਬਕ ਇਨ੍ਹਾਂ ਸਾਰੇ ਲੀਡਰਾਂ ਨੇ ਸਾਫ ਕਰ ਦਿੱਤਾ ਹੈ ਕਿ ਇਨ੍ਹਾਂ ਨੂੰ ਸਿੱਧੂ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਹੈ। ਇਨ੍ਹਾਂ ਸੰਸਦ ਮੈਂਬਰਾਂ ਨੇ ਨਵਜੋਤ ਸਿੱਧੂ ਨੂੰ ਜੋਕਰ ਕਹਿੰਦਿਆਂ ਕਿਹਾ ਕਿ ਇਹ ਸਵੀਕਾਰ ਨਹੀਂ ਹੋ ਸਕਦਾ। ਹੁਣ ਦੇਖਣਾ ਇਹ ਹੈ ਕਿ ਪਾਰਟੀ ਹਾਈਕਮਾਨ ਸੋਨੀਆ ਗਾਂਧੀ ਕੀ ਫੈਸਲਾ ਲੈਂਦੀ ਹੈ।


ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਇਕੱਠੇ ਬੈਠੇ ਲੀਡਰਾਂ ਦੀ ਤਸਵੀਰ ਸ਼ੇਅਰ ਕਰਦਿਆਂ ਟਵੀਟ ਕੀਤਾ, 'ਪੰਜਾਬ ਵਿਧਾਨ ਸਭਾ ਪ੍ਰਧਾਨ ਰਾਣਾ ਕੇਪੀ ਸਿੰਘ ਤੇ ਰਾਜਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।'


ਇਸ ਤਸਵੀਰ ਨੂੰ ਦੁਬਾਰਾ ਸ਼ੇਅਰ ਕਰਦਿਆਂ ਕਾਂਗਰਸੀ ਸਾਂਸਦ ਮਨੀਸ਼ ਤਿਵਾਰੀ ਨੇ ਕਿਹਾ ਕਿ ਬਾਜਵਾ ਤੇ ਅਮਰਿੰਦਰ ਸਿੰਘ ਨੂੰ ਇਕੱਠੇ ਦੇਖ ਕੇ ਖੁਸ਼ੀ ਹੋਈ। ਇਸ ਦੇ ਨਾਲ ਹੀ ਉਮੀਦ ਜਤਾਈ ਕਿ ਰਾਜਸਭਾ ਸਾਂਸਦ ਤੇ ਮੁੱਖ ਮੰਤਰੀ ਮਿਲ ਕੇ ਇਕ ਮਜਬੂਤ ਟੀਮ ਤਿਆਰ ਕਰਨਗੇ।