ਮੁਹਾਲੀ: ਪੰਜਾਬ ਦੇ ਸਾਬਕਾ ਡੀਜੀਪੀ (ਡਾਇਰੈਕਟਰ ਜਨਰਲ ਆਫ਼ ਪੁਲਿਸ DGP) ਸੁਮੇਧ ਸਿੰਘ ਸੈਣੀ ਹੁਣ ਇੱਕ ਨਵੀਂ ਮੁਸੀਬਤ ’ਚ ਫਸ ਗਏ ਹਨ। ਮੁਹਾਲੀ ਦੀ ਇੱਕ ਅਦਾਲਤ ਨੇ ਚੰਡੀਗੜ੍ਹ ਦੇ ਸੈਕਟਰ 20 ’ਚ ਸਥਿਤ ਉਸ ਕੋਠੀ ਨੂੰ ਆਰਜ਼ੀ ਤੌਰ ਉੱਤੇ ‘ਅਟੈਚ ਕਰਨ’ ਦੇ ਹੁਕਮ ਜਾਰੀ ਕੀਤੇ ਹਨ, ਜਿੱਥੇ ਇਸ ਵੇਲੇ ਰਹਿ ਰਹੇ ਹਨ।


 
ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਦੱਸਿਆ ਕਿ ਸੁਮੇਧ ਸੈਣੀ ਦੀ ਰਿਹਾਇਸ਼ੀ ਕੋਠੀ ਅਟੈਚ ਕਰਨ ਦੇ ਹੁਕਮ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਪੀਐਸ ਗਰੇਵਾਲ ਵੱਲੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਦਾਲਤ ਨੇ ਜ਼ਿਲ੍ਹਾ ਕੁਲੈਕਟਰ ਮੁਹਾਲੀ ਨੂੰ ਇਸ ਮਾਮਲੇ ’ਚ ਰਿਸੀਵਰ ਨਿਯੁਕਤ ਕਰਦਿਆਂ ਹਦਾਇਤ ਜਾਰੀ ਕੀਤੀ ਹੈ ਕਿ ਉਹ ਚੰਡੀਗੜ੍ਹ ਸਥਿਤ ਸੁਮੇਧ ਸੈਣੀ ਦੀ ਰਿਹਾਇਸ਼ੀ ਕੋਠੀ ਨੂੰ ਅਟੈਚ ਕਰਨ ਦੀ ਕਾਰਵਾਈ ਨੂੰ ਅੰਜਾਮ ਦੇਣ। ਸੁਮੇਧ ਸੈਣੀ ਇਸ ਵੇਲੇ ਇਸ ਕੋਠੀ ਦਾ ਢਾਈ ਲੱਖ ਰੁਪਏ ਪ੍ਰਤੀ ਮਹੀਨਾ ਕਿਰਾਇਆ ਦੇ ਰਹੇ ਹਨ; ਉਹ ਕਿਰਾਇਆ ਵੀ ਹੁਣ ਸਰਕਾਰੀ ਖਾਤੇ ਵਿੱਚ ਜਮ੍ਹਾ ਹੋਵੇਗਾ।

 

ਇਹ ਦੋਸ਼ ਲਾਇਆ ਗਿਆ ਹੈ ਕਿ ਇਹ ਕੋਠੀ ਸੁਮੇਧ ਸੈਣੀ ਦੇ ਕਹਿਣ ’ਤੇ ਕਥਿਤ ਤੌਰ ਉੱਤੇ ਦੋ ਨੰਬਰ ਦੇ ਪੈਸੇ ਨਾਲ ਖ਼ਰੀਦੀ ਗਈ ਸੀ। ਇਹ ਦੋਸ਼ ਰਾਜ ਦੇ ਵਿਜੀਲੈਂਸ ਵਿਭਾਗ ਨੇ ਪੂਰੀ ਜਾਂਚ ਤੋਂ ਬਾਅਦ ਲਾਏ ਹਨ ਤੇ ਇਸ ਵਿਭਾਗ ਨੇ ਹੀ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਕਿ ਸੁਮੈਧ ਸੈਣੀ ਦੀ ਰਿਹਾਇਸ਼ੀ ਕੋਠੀ ਨੂੰ ਅਟੈਚ ਕੀਤਾ ਜਾਵੇ।

 

ਲਾਏ ਗਏ ਦੋਸ਼ਾਂ ਅਨੁਸਾਰ ਪੰਜਾਬ ਸਰਕਾਰ ਦੇ ਇੱਕ ਮੌਜੂਦਾ ਐਕਸੀਅਨ (Xen ਭਾਵ ਕਾਰਜਕਾਰੀ ਇੰਜਨੀਅਰ) ਨਿਮਰਤ ਦੀਪ ਸਿੰਘ ਨੇ ਸੁਮੇਧ ਸੈਣੀ ਲਈ ਆਪਣੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਦੇ ਨਾਂਅ ਉੱਤੇ ਰਿਸ਼ਵਤ ਤੇ ਦੋ ਨੰਬਰ ਦਾ ਧਨ ਹਾਸਲ ਕੀਤਾ ਸੀ। ਸੁਰਿੰਦਰਜੀਤ ਸਿੰਘ ਜਸਪਾਲ ਨੇ ਕਥਿਤ ਤੌਰ ਉੱਤੇ ਉਸੇ ਦੋ ਨੰਬਰ ਦੇ ਧਨ ਦੀ ਵਰਤੋਂ ਕਰਦਿਆਂ ਇਹ ਕੋਠੀ ਖ਼ਰੀਦੀ ਸੀ। ਅਕਤੂਬਰ 2018 ’ਚ ਇਸ ਕੋਠੀ ਦੀ ਮੁਰੰਮਤ ਦੇ ਬਾਅਦ ਤੋਂ ਦਸਤਾਵੇਜ਼ਾਂ ਵਿੱਚ ਕਥਿਤ ਤੌਰ ਉੱਤੇ ਇਹੋ ਦਰਸਾਇਆ ਗਿਆ ਹੈ ਕਿ ਉੱਥੇ ਸੁਮੇਧ ਸੈਣੀ ਰਹਿ ਰਹੇ ਹਨ।

 

ਦੱਸ ਦੇਈਏ ਕਿ ਸੁਮੇਧ ਸੈਣੀ ਪਹਿਲਾਂ ਹੀ ਦਸੰਬਰ 1991 ’ਚ ਭੇਤ ਭਰੀ ਹਾਲਤ ਵਿੱਚ ਗ਼ਾਇਬ ਹੋਏ CITCO (ਸਿਟਕੋ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ) ਦੇ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਦੇ ਕਤਲ ਕੇਸ ਦਾ ਸਾਹਮਣਾ ਕਰ ਰਹੇ ਹਨ। ਬਲਵੰਤ ਸਿੰਘ ਮੁਲਤਾਨੀ ਦਰਅਸਲ ਸਾਬਕਾ ਆਈਏਐੱਸ ਅਧਿਕਾਰੀ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਸਨ।

 

22 ਦਸੰਬਰ, 2020 ਨੂੰ ਮੋਹਾਲੀ ਪੁਲਿਸ ਨੇ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਸੁਮੇਧ ਸਿੰਘ ਸੈਣੀ ਵਿਰੁੱਧ ਦੋਸ਼ ਆਇਦ ਕੀਤੇ ਸਨ ਭਾਵ ਤਦ ਉਨ੍ਹਾਂ ਨੂੰ ਚਾਰਜਸ਼ੀਟ ਕੀਤਾ ਗਿਆ ਸੀ।

 

ਵਿਜੀਲੈਂਸ ਵਿਭਾਗ ਦੇ ਜਾਂਚ ਅਧਿਕਾਰੀ ਦੀ ਅਰਜ਼ੀ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਹ ਰਿਹਾਇਸ਼ੀ ਕੋਠੀ ਸੁਮੇਧ ਸੈਣੀ ਲਈ ਹੀ ਸੀ ਤੇ ਹਾਲੇ ਤੱਕ ਕਿਰਾਏ ਵਜੋਂ ਕੋਈ ਰਕਮ ਵਸੂਲ ਨਹੀਂ ਕੀਤੀ ਗਈ ਹੈ। ਸਗੋਂ ਸੁਰਿੰਦਰ ਜੀ. ਸਿੰਘ ਜਸਪਾਲ ਨਾਂ ਦੇ ਇੱਕ ਵਿਅਕਤੀ ਨੂੰ ਸੁਮੇਧ ਸੈਣੀ ਨੇ 6.4 ਕਰੋੜ ਰੁਪਏ ਅਦਾ ਕੀਤੇ ਸਨ ਤੇ ਇਸ ਲਈ ਵਿਕਰੀ ਵਾਸਤੇ ਕੋਈ ਸਮਝੌਤਾ ਵੀ ਨਹੀਂ ਕੀਤਾ ਗਿਆ। ਬਾਅਦ ਵਿੱਚ ਐਂਵੇਂ ਹੀ ਇੱਕ ਜਾਅਲੀ ਜਿਹਾ ਐਗ੍ਰੀਮੈਂਟ ਇਹ ਜਾਇਦਾਦ ਵੇਚਣ ਲਈ ਵਿਖਾ ਦਿੱਤਾ ਗਿਆ ਹੈ, ਜੋ ਕਿਸੇ ਸਟੈਂਪ ਪੇਪਰ ਉੱਤੇ ਵੀ ਨਹੀਂ ਹੈ ਅਤੇ ਨਾ ਹੀ ਉਸ ਉੱਤੇ ਕਿਸੇ ਗਵਾਹ ਦੇ ਦਸਤਖ਼ਤ ਹਨ। ਉਸ ਉੱਤੇ ਸਿਰਫ਼ ਸੁਮੀਤ ਸਿੰਘ ਸੈਣੀ ਤੇ ਸੁਰਿੰਦਰਜੀਤ ਸਿੰਘ ਜਸਪਾਲ ਦੇ ਹੀ ਦਸਤਖ਼ਤ ਹਨ।

 

ਵਿਜੀਲੈਂਸ ਵਿਭਾਗ ਦੇ ਜਾਂਚ ਅਧਿਕਾਰੀ ਨੇ ਆਪਣਾ ਅਰਜ਼ੀ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ, 1988 ਦੀ ਧਾਰਾ 18ਏ ਵਿੱਚ ਦਰਜ ਅਨੁਸਾਰ ਅਪਰਾਧ ਕਾਨੂੰਨ ਸੋਧ ਆਰਡੀਨੈਂਸ, 1944 ਦੀਆਂ ਵਿਵਸਥਾਵਾਂ ਦੇ ਆਧਾਰ ਉੱਤੇ ਸੁਮੇਧ ਸਿੰਘ ਸੈਣੀ ਦੀ ਮੌਜੂਦਾ ਰਿਹਾਇਸ਼ੀ ਕੋਠੀ ਨੂੰ ਅਟੈਚ ਕਰ ਦਿੱਤਾ ਜਾਵੇ।