ਗੁਰਦਾਸਪੁਰ: ਸਰਹੱਦੀ ਪਿੰਡਾਂ ਦਾ ਪੁਲਿਸ ਚੱਪਾ-ਚੱਪਾ ਛਾਣ ਰਹੀ ਹੈ। ਹਮਲੇ ਦੀ ਖੁਫੀਆ ਸੂਚਨਾ ਮਿਲਣ ਮਗਰੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਸਰਹੱਦੀ ਇਲਾਕੇ ਵਿੱਚ ਤਾਇਨਾਤ ਹੈ। ਪੰਜਾਬ ਪੁਲਿਸ ਵੱਲੋਂ ਗੁਰਦਾਸਪੁਰ, ਬਟਾਲਾ ਤੇ ਪਠਾਨਕੋਟ ਵਿੱਚ ਵਿਸ਼ੇਸ਼ ਸਰਚ ਮੁਹਿੰਮ ਛੇੜੀ ਗਈ ਹੈ। ਸ਼ੁੱਕਰਵਾਰ ਤੋਂ ਸ਼ੁਰੂ ਹੋਈ ਇਹ ਮੁਹਿੰਮ ਅੱਜ ਵੀ ਜਾਰੀ ਹੈ।


ਪਾਕਿਸਤਾਨੀ ਡ੍ਰੋਨਾਂ ਦੀ ਸਰਗਰਮੀ ਤੇ ਖੁਫੀਆ ਇਨਪੁੱਟ ਮਗਰੋਂ ਸਰਹੱਦੀ ਜ਼ਿਲ੍ਹੇ ਹਾਈ ਅਲਰਟ 'ਤੇ ਹਨ। ਪੰਜਾਬ ਪੁਲਿਸ ਦੀਆਂ ਟੀਮਾਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਦਾ ਚੱਪਾ-ਚੱਪਾ ਛਾਣ ਰਹੀ ਹੈ। ਇਸ ਤਹਿਤ ਜੰਗਲ, ਦਰਿਆਈ ਖੇਤਰ, ਘਰਾਂ ਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਦੌਰਾਨ ਪਿੰਡਾਂ ਦੇ ਪੰਚਾਂ, ਸਰਪੰਚਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।

ਪੁਲਿਸ ਦੇ ਅਧਿਕਾਰੀ ਮੁਤਾਬਕ ਸ਼ਨੀਵਾਰ ਨੂੰ ਧਾਰ ਕਲਾਂ ਨਾਲ ਲੱਗਦੇ ਜੰਗਲਾਂ ਵਿੱਚ ਕਟੋਰੀ ਬੰਗਲਾ ਜੋ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦਾ ਹੈ, ਤੋਂ ਸਰਚ ਅਪ੍ਰੇਸ਼ਨ ਸ਼ੁਰੂ ਕਰ ਕੇ ਫੰਗੋਤਾ ਰਾਵੀ ਦਰਿਆ ਦੇ ਕਿਨਾਰੇ ਤੱਕ ਕੀਤਾ ਗਿਆ। ਇਸ ਦੇ ਨਾਲ ਹੀ ਮੱਟੀ, ਕੋਟ, ਸਲਾਰੀ ਖੱਡ, ਮੈਰਾ ਟੀਕਾ, ਸੁਕਰੇਤ, ਸਟੀਨ, ਲਹਿਰੂਨ, ਦਰੰਗ ਖੱਡ, ਡੂੰਘ, ਥੜ੍ਹਾ ਉਪਰਲਾ, ਡੈਮ ਪ੍ਰਾਜੈਕਟ ਤੇ ਰਣਜੀਤ ਸਾਗਰ ਝੀਲ ਦੇ ਨਾਲ ਲੱਗਦੇ ਜੰਗਲਾਂ ਵਿੱਚ ਸਰਚ ਅਪ੍ਰੇਸ਼ਨ ਕੀਤਾ ਗਿਆ।

ਇਸ ਤਲਾਸ਼ੀ ਮੁਹਿੰਮ ਲਈ 50 ਪਾਰਟੀਆਂ ਦਾ ਗਠਨ ਕੀਤਾ ਗਿਆ। ਇਸ ਦੌਰਾਨ ਪਸ਼ੂਆਂ ਦੀਆਂ ਹਵੇਲੀਆਂ ਤੇ ਗੁੱਜਰਾਂ ਦੇ ਡੇਰਿਆਂ ਦੀ ਤਲਾਸ਼ੀ ਲਈ ਗਈ। ਥਾਣਾ ਤਾਰਾਗੜ੍ਹ ਅਧੀਨ ਆਉਂਦੇ 86 ਪਿੰਡਾਂ ਤੇ ਵਾਈਲਡ ਲਾਈਫ਼ ਸੈਂਚੂਰੀ ਤੇ ਕਾਨਵਾਂ ਪੁਲਿਸ ਨੇ ਆਪਣੇ ਅਧੀਨ ਆਉਂਦੇ 83 ਪਿੰਡਾਂ ਵਿਚ ਤਲਾਸ਼ੀ ਮੁਹਿੰਮ ਚਲਾਈ।

ਧਾਰ ਕਲਾਂ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਚੰਬਾ ਤੇ ਕਾਂਗੜਾ ਜ਼ਿਲ੍ਹਿਆਂ ਦੀ ਪੁਲਿਸ ਨੇ ਵੀ ਪੰਜਾਬ ਦੀ ਹੱਦ ਨਾਲ ਲੱਗਦੇ ਆਪਣੇ ਪਿੰਡਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ। ਪੁਲਿਸ ਮੁਤਾਬਕ ਸਰਚ ਅਪਰੇਸ਼ਨ ਦੌਰਾਨ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਤੇ ਨਾ ਹੀ ਕੋਈ ਸ਼ੱਕੀ ਵਿਅਕਤੀ ਨਜ਼ਰ ਆਇਆ ਹੈ। ਅੱਜ ਵੀ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ।