Amritpal Singh News: ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਉਸ ਦੇ ਮਾਪਿਆਂ ਨੇ ਵੀਰਵਾਰ ਨੂੰ ਮੁਲਾਕਾਤ ਕੀਤੀ। ਇਸ ਮਗਰੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦਾਅਵਾ ਕੀਤਾ ਕਿ ਅੰਮ੍ਰਿਤਪਾਲ ਠੀਕ-ਠਾਕ ਤੇ ਚੜ੍ਹਦੀ ਕਲਾ ਵਿੱਚ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਉਸ ਦੀ ਰਿਹਾਈ ਲਈ ਕਾਨੂੰਨੀ ਤਰੀਕੇ ਨਾਲ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਇਸ ਬਾਰੇ ਪਰਮਾਤਮਾ ਹੀ ਜਾਣਦਾ ਹੈ ਕਿ ਹੋਰ ਕਿੰਨਾ ਸਮਾਂ ਲੱਗੇਗਾ। 


ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਸ ਦੇ ਬੇਟੇ ਵਿਰੁੱਧ ਕੌਮੀ ਸੁਰੱਖਿਆ ਐਕਟ ਦੀ ਧਾਰਾ ਲਾ ਕੇ ਬੇ-ਇਨਸਾਫ਼ੀ ਕੀਤੀ ਹੈ, ਕਿਉਂਕਿ ਉਸ ਨੇ ਕੋਈ ਅਪਰਾਧ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਪੁੱਤਰ ਅੰਮ੍ਰਿਤਪਾਲ ਨਾਲ ਕੁਝ ਘਰੇਲੂ ਗੱਲਾਂ ਸਾਂਝੀਆਂ ਕੀਤੀਆਂ ਹਨ ਤੇ ਕੁਝ ਖਾਣ-ਪੀਣ ਦਾ ਸਮਾਨ ਵੀ ਸੌਂਪਿਆ। 


ਦੱਸ ਦਈਏ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ 23 ਅਪਰੈਲ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚੋਂ ਹਿਰਾਸਤ ਵਿੱਚ ਲਿਆ ਸੀ ਤੇ ਉਸੇ ਦਿਨ ਤੋਂ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਬੰਦ ਹੈ। ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਤੇ ਮਾਤਾ ਬਲਵਿੰਦਰ ਕੌਰ ਵੀਰਵਾਰ ਡਿਬਰੂਗੜ੍ਹ ਹਵਾਈ ਅੱਡੇ ’ਤੇ ਪੁੱਜੇ, ਜਿੱਥੋਂ ਉਹ ਸਿੱਧਾ ਜੇਲ੍ਹ ਗਏ। 



ਇਸ ਦੌਰਾਨ ਜੇਲ੍ਹ ਅਥਾਰਿਟੀ ਤੋਂ ਪ੍ਰਵਾਨਗੀ ਮਿਲਣ ਮਗਰੋਂ ਉਨ੍ਹਾਂ ਆਪਣੇ ਪੁੱਤਰ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਚਾਰ ਮਈ ਨੂੰ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਡਿਬਰੂਗੜ੍ਹ ਜੇਲ੍ਹ ਵਿੱਚ ਉਸ ਨਾਲ ਮੁਲਾਕਾਤ ਕੀਤੀ ਸੀ। ਕਿਰਨਦੀਪ ਨਾਲ ਦਲਜੀਤ ਸਿੰਘ ਕਲਸੀ ਦੇ ਪਰਿਵਾਰਕ ਮੈਂਬਰ ਸਨ, ਜੋ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ।


36 ਦਿਨਾਂ ਦੀ ਭਾਲ ਤੋਂ ਬਾਅਦ ਹੋਈ ਸੀ ਗ੍ਰਿਫ਼ਤਾਰੀ


ਦੱਸ ਦਈਏ ਕਿ ਅਜਨਾਲਾ ਮਾਮਲੇ 'ਚ ਜਦੋਂ ਪੁਲਸ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਪਹੁੰਚੀ ਸੀ ਤਾਂ ਉਹ ਫਰਾਰ ਹੋ ਗਿਆ ਸੀ। ਉਹ ਕਰੀਬ 36 ਦਿਨਾਂ ਤੋਂ ਫਰਾਰ ਸੀ। ਉਸ ਦੀ ਭਾਲ 'ਚ ਪੁਲਿਸ ਨੇ ਪੰਜਾਬ ਸਮੇਤ ਹੋਰ ਸੂਬਿਆਂ 'ਚ ਛਾਪੇਮਾਰੀ ਕੀਤੀ ਸੀ। ਪੁਲਿਸ ਨੇ ਅੰਮ੍ਰਿਤਪਾਲ ਦੇ ਨੇਪਾਲ ਜਾਂ ਪਾਕਿਸਤਾਨ ਭੱਜਣ ਦੀ ਸੰਭਾਵਨਾ ਜਤਾਈ ਸੀ। ਪਰ ਅੰਮ੍ਰਿਤਪਾਲ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।