Punjab News: ਨੌਸਰਬਾਜ਼ਾਂ ਦੇ ਗਿਰੋਹਾਂ ਵੱਲੋਂ ਬੈਂਕ ’ਚ ਲੈਣ-ਦੇਣ ਲਈ ਆਉਣ ਵਾਲੇ ਭੋਲੇ-ਭਾਲੇ ਲੋਕਾਂ ਨਾਲ ਆਏ ਦਿਨ ਠੱਗੀਆਂ ਵੱਜਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇੱਕ ਹੋਰ ਨਵਾਂ ਠੱਗੀ ਦਾ ਮਾਮਲਾ ਸਮਰਾਲਾ ਤੋਂ ਆਇਆ ਹੈ। ਜਿੱਥੇ ਬੀਤੇ ਦਿਨ ਸਥਾਨਕ ਪੰਜਾਬ ਨੈਸ਼ਨਲ ਬੈਂਕ (PNB ATM) ਦੇ ਏਟੀਐੱਮ 'ਚੋਂ ਪੈਸੇ ਕਢਵਾਉਣ ਆਏ ਇੱਕ ਵਿਅਕਤੀ ਨਾਲ ਇਨ੍ਹਾਂ ਨੌਸਰਬਾਜ਼ਾਂ ਵੱਲੋਂ ਬੜੀ ਹੀ ਚਾਲਾਕੀ ਨਾਲ ਉਸ ਦਾ ਕਾਰਡ ਬਦਲ ਕੇ ਠੱਗੀ ਮਾਰ ਲਈ ਗਈ। ਜਦੋਂ ਤੱਕ ਇਸ ਵਿਅਕਤੀ ਨੂੰ ਉਸ ਦੇ ਏਟੀਐੱਮ ਕਾਰਡ ਬਦਲੇ ਜਾਣ ਦਾ ਪਤਾ ਲੱਗਾ, ਉਦੋਂ ਤੱਕ ਉਸ ਦੇ ਖਾਤੇ 'ਚੋਂ 80 ਹਜ਼ਾਰ ਰੁਪਏ ਦੀ ਰਕਮ ਸਾਫ ਹੋ ਚੁੱਕੀ ਸੀ।


ਇਸ ਤਰ੍ਹਾਂ ਇਨ੍ਹਾਂ ਨੌਸਰਬਾਜ਼ਾਂ ਨੇ ਮਾਰੀ ਠੱਗੀ


ਸਮਰਾਲਾ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਨੇੜਲੇ ਪਿੰਡ ਦਿਆਲਪੁਰਾ ਦੇ ਰਹਿਣ ਵਾਲੇ ਜੁਆਲਾ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਛੋਟੀ ਭੈਣ ਨਾਲ ਏਟੀਐੱਮ 'ਚੋਂ 5 ਹਜ਼ਾਰ ਰੁਪਏ ਕਢਵਾਉਣ ਆਇਆ ਸੀ। ਪੈਸੇ ਕਢਵਾਉਣ ਵੇਲੇ ਇਕ ਅਣਜਾਣ ਲੜਕਾ ਵੀ ਉੱਥੇ ਆ ਗਿਆ ਤੇ ਜਦੋਂ ਰਕਮ ਨਿਕਲਣ ਤੋਂ ਬਾਅਦ ਉਸ ਦੀ ਰਸੀਦ ਨਹੀਂ ਨਿਕਲੀ ਤਾਂ ਇਸ ਲੜਕੇ ਨੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਲਿਆ। ਇੰਨੇ 'ਚ ਇਸ ਠੱਗ ਦੇ 2 ਹੋਰ ਸਾਥੀ ਵੀ ਉਥੇ ਆ ਗਏ ਤੇ ਬੜੀ ਹੀ ਚਲਾਕੀ ਨਾਲ ਉਸ ਦਾ ਏਟੀਐੱਮ ਕਾਰਡ ਬਦਲ ਕੇ ਲੈ ਗਏ। ਜਦੋਂ ਉਸ ਨੂੰ ਕੁਝ ਸ਼ੱਕ ਹੋਇਆ ਤਾਂ ਜਿਹੜਾ ਕਾਰਡ ਉਸ ਨੂੰ ਇਹ ਠੱਗ ਦੇ ਕੇ ਗਏ, ਉਹ ਪਹਿਲਾਂ ਤੋਂ ਹੀ ਬਲਾਕ ਕੀਤਾ ਹੋਇਆ ਸੀ।


ਕੁਝ ਦੇਰ ਬਾਅਦ ਹੀ ਉਸ ਦੀ ਭੈਣ ਜਿਸ ਦਾ ਇਹ ਬੈਂਕ ਖਾਤਾ ਹੈ ਤੇ ਏਟੀਐੱਮ ਸੀ, ਨੂੰ ਵਾਰ-ਵਾਰ ਪੈਸੇ ਨਿਕਲਣ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਅਤੇ ਠੱਗਾਂ ਨੇ ਖਾਤੇ 'ਚੋਂ 3 ਵਾਰ ਕਰਕੇ 80 ਹਜ਼ਾਰ ਰੁਪਏ ਦੀ ਰਕਮ ਖਾਤੇ ਵਿੱਚੋਂ ਉਡਾ ਲਈ। ਜੁਆਲਾ ਸਿੰਘ ਨੇ ਦੋਸ਼ ਲਾਇਆ ਕਿ ਏਟੀਐੱਮ ਕਾਰਡ ਬਦਲੇ ਜਾਣ ਦਾ ਸ਼ੱਕ ਹੁੰਦੇ ਹੀ ਉਸ ਨੇ ਤੁਰੰਤ ਬੈਂਕ ਅੰਦਰ ਜਾ ਕੇ ਏਟੀਐੱਮ ਕਾਰਡ ਬਲਾਕ ਕਰਨ ਦਾ ਬੜਾ ਰੌਲਾ ਪਾਇਆ ਪਰ ਕੋਈ ਸੁਣਵਾਈ ਨਹੀਂ ਹੋਈ।


ਦੂਜੇ ਪਾਸੇ ਬੈਂਕ ਮੈਨੇਜਰ ਨੇ ਦੱਸਿਆ ਕਿ ਗਾਹਕ ਨੂੰ ਖਾਤੇ 'ਚੋਂ ਪੈਸੇ ਨਿਕਲਣ ਤੋਂ ਬਾਅਦ ਇਸ ਠੱਗੀ ਦਾ ਪਤਾ ਲੱਗਾ ਤੇ ਜਦੋਂ ਤੱਕ ਉਨ੍ਹਾਂ ਕੋਲ ਸ਼ਿਕਾਇਤ ਪਹੁੰਚੀ, ਉਦੋਂ ਤੱਕ 80 ਹਜ਼ਾਰ ਰੁਪਏ ਖਾਤੇ 'ਚੋਂ ਨਿਕਲ ਚੁੱਕੇ ਸਨ। ਇਸ ਠੱਗੀ ਦੇ ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਡੀਐੱਸਪੀ ਸਮਰਾਲਾ ਵਰਿਆਮ ਸਿੰਘ ਨੇ ਥਾਣਾ ਐੱਸਐੱਚਓ ਨੂੰ ਮਾਮਲਾ ਜਲਦੀ ਹੱਲ ਕਰਨ ਲਈ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ।


ਹੋਰ ਪੜ੍ਹੋ : Punjab Strike: ਪੰਜਾਬ 'ਚ ਕਰਮਚਾਰੀਆਂ ਦੀ ਹੜਤਾਲ ਖ਼ਤਮ, 6 ਜੂਨ ਨੂੰ ਮੰਗਾਂ ਬਾਰੇ ਸੀਐਮ ਮਾਨ ਨਾਲ ਹੋਵੇਗੀ ਮੀਟਿੰਗ