ਚੰਡੀਗੜ੍ਹ: ਪੰਜਾਬ ਦੀ ਸਿਆਸਤ ਨਵੀਂ ਕਰਵਟ ਲੈਣ ਲੱਗੀ ਹੈ। ਸਭ ਤੋਂ ਵੱਡੀ ਤਬਦੀਲੀ ਸ਼੍ਰੋਮਣੀ ਅਕਾਲੀ ਦਲ ਦੇ ਰਵੱਈਏ ਵਿੱਚ ਵੇਖੀ ਜਾ ਰਹੀ ਹੈ। ਬੀਜੇਪੀ ਨਾਲੋਂ ਤੋੜ-ਵਿਛੋੜਾ ਕਰਨ ਮਗਰੋਂ ਅਕਾਲੀ ਦਲ ਜਿੱਥੇ ਕੇਂਦਰ ਦੀਆਂ ਨੀਤੀਆਂ ਖਿਲਾਫ ਹਮਲਾਵਰ ਹੋਇਆ ਹੈ, ਇਸ ਦੇ ਨਾਲ ਹੀ ਪੰਜਾਬ ਤੇ ਖਾਸਕਰ ਪੰਥਕ ਮੁੱਦਿਆਂ ਉੱਪਰ ਆਪਣੀ ਸਿਆਸਤ ਕੇਂਦ੍ਰਿਤ ਕਰਨ ਲੱਗਾ ਹੈ। ਇਹ ਸਭ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਬਿਆਨਬਾਜ਼ੀ ਵਿੱਚ ਵੇਖਿਆ ਜਾ ਸਕਦਾ ਹੈ।
ਦਰਅਸਲ ਸੁਖਬੀਰ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ ਬੀਜੇਪੀ ਨਾਲ ਅਕਾਲੀ ਦਲ ਦਾ ਗੱਠਜੋੜ ਹੁਣ ਕਦੇ ਸੰਭਵ ਨਹੀਂ ਹੋਵੇਗਾ। ਉਨ੍ਹਾਂ ਦੇ ਇਸ ਐਲਾਨ ਨਾਲ ਸਪਸ਼ਟ ਹੈ ਕਿ ਅਕਾਲੀ ਦਲ ਹੁਣ ਖੁੱਲ੍ਹ ਕੇ ਪੰਥਕ ਸਿਆਸਤ ਕਰੇਗਾ। ਐਨਡੀਏ ਦਾ ਭਾਈਵਾਲ ਹੋਣ ਕਰਕੇ ਅਕਾਲੀ ਦਲ ਬਹੁਤੇ ਪੰਥਕ ਮੁੱਦਿਆਂ ਉੱਪਰ ਸਹੀ ਸਟੈਂਡ ਨਹੀਂ ਲੈ ਪਾਉਂਦਾ ਸੀ। ਇਸ ਕਰਕੇ ਬਹੁਤ ਸਾਰੇ ਪੰਥਕ ਸੋਚ ਦੇ ਧਾਰਨੀ ਤੇ ਟਕਸਾਲੀ ਲੀਡਰ ਪਾਰਟੀ ਛੱਡ ਚੁੱਕੇ ਹਨ।
ਸੁਖਬੀਰ ਬਾਦਲ ਨੇ ਕੇਂਦਰੀ ਹਕੂਮਤ ’ਤੇ ਪੰਜਾਬ ਦੇ ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਾਇਆ ਹੈ। ਸੁਖਬੀਰ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਜ਼ਹਿਰੀਲੀ ਸ਼ਰਾਬ ਦੁਖਾਂਤ, ਸ਼ਰਾਬ ਤੇ ਰੇਤ ਮਾਫ਼ੀਆ ਤੇ ਹੋਰ ਲੋਕ ਮੁੱਦਿਆਂ ਸਬੰਧੀ ਰਾਜਪਾਲ ਨੂੰ ਦਿੱਤੇ ਗਏ ਯਾਦ ਪੱਤਰਾਂ ’ਤੇ ਕੋਈ ਕਾਰਵਾਈ ਨਹੀਂ ਹੋਈ ਪਰ ਹੁਣ ਬੀਜੇਪੀ ਵਰਕਰਾਂ ਦੇ ਦਾਅ ’ਤੇ ਲੱਗੇ ਹਿੱਤ ਬਚਾਉਣ ਲਈ ਰਾਜਪਾਲ ਨੇ ਸੀਨੀਅਰ ਅਫ਼ਸਰਾਂ ਦੀ ਝਾੜ-ਝੰਬ ਕਰ ਦਿੱਤੀ ਹੈ।
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਇਹ ਮਾਰੂ ਕਾਨੂੰਨ ਤਾਂ ਵਾਪਸ ਹੋ ਕੇ ਹੀ ਰਹਿਣਗੇ, ਪਰ ਬੀਜੇਪੀ ਨਾਲ਼ ਕਦੇ ਵੀ ਸਾਂਝ ਭਿਆਲੀ ਨਹੀਂ ਹੋ ਸਕੇਗੀ। ਉਨ੍ਹਾਂ ਲਈ ਕਿਸਾਨਾਂ ਦੇ ਹਿੱਤ ਮੁੱਖ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਹਕੂਮਤ ਨੇ ਕਿਸਾਨੀ ਵਿਰੋਧੀ ਕਾਨੂੰਨ ਬਣਾ ਕੇ ਸਮੁੱਚੇ ਪੰਜਾਬੀਆਂ ਨੂੰ ਆਰਥਿਕ ਢਾਹ ਲਾਉਣ ਦੀ ਜੋ ਚਾਲ ਚੱਲੀ ਹੈ, ਇਹ ਨਾ ਸਿਰਫ਼ ਪੰਜਾਬ ਬਲਕਿ ਦੇਸ਼ ਵਿਰੋਧੀ ਹੈ। ਮੌਜੂਦਾ ਹਾਲਾਤ ਸਿਰਫ਼ ਪ੍ਰਧਾਨ ਮੰਤਰੀ ਦੇ ਹੰਕਾਰ ਕਾਰਨ ਬਣੇ ਹਨ ਪਰ ਪੰਜਾਬ ਤੋਂ ਉੱਠ ਕੇ ਦੇਸ਼ਵਿਆਪੀ ਹੋ ਨਿਬੜਿਆ ਕਿਸਾਨੀ ਘੋਲ਼ ਮੋਦੀ ਦਾ ਹੰਕਾਰ ਤੋੜ ਕੇ ਰਹੇਗਾ।
ਬੀਜੇਪੀ ਨਾਲੋਂ ਤੋੜ-ਵਿਛੋੜੇ ਮਗਰੋਂ ਅਕਾਲੀ ਦਲ ਦਾ ਵੱਖਰਾ ਸਟੈਂਡ, ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ
ਏਬੀਪੀ ਸਾਂਝਾ
Updated at:
05 Jan 2021 11:38 AM (IST)
ਪੰਜਾਬ ਦੀ ਸਿਆਸਤ ਨਵੀਂ ਕਰਵਟ ਲੈਣ ਲੱਗੀ ਹੈ। ਸਭ ਤੋਂ ਵੱਡੀ ਤਬਦੀਲੀ ਸ਼੍ਰੋਮਣੀ ਅਕਾਲੀ ਦਲ ਦੇ ਰਵੱਈਏ ਵਿੱਚ ਵੇਖੀ ਜਾ ਰਹੀ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -