ਅੰਮ੍ਰਿਤਸਰ: ਹਿਮਾਚਲ ਪ੍ਰਦੇਸ਼ ਦੀ ਹੱਦ 'ਤੇ ਬਿਆਸ' ਪੋਂਗ ਡੈਮ ਝੀਲ 'ਚ ਬਰਡ ਫਲੂ ਦੇ ਕਾਰਨ ਹਜ਼ਾਰਾਂ ਪ੍ਰਵਾਸੀ ਪੰਛੀਆਂ ਦੀ ਮੌਤ ਹੋਈ ਹੈ। ਇਸ ਦੇ ਮੱਦੇਨਜ਼ਰ ਰਾਜ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਹਰੀਕੇ ਪੱਤਣ (ਤਰਨ ਤਾਰਨ), ਕੇਸ਼ੋਪੁਰ ਛਾਂਬ (ਗੁਰਦਾਸਪੁਰ), ਨੰਗਲ, ਰੂਪਨਗਰ ਤੇ ਹੋਰ ਥਾਂ ਤੇ ਅਲਰਟ ਜਾਰੀ ਕੀਤਾ ਹੈ।


ਹਾਲਾਂਕਿ ਇਨ੍ਹਾਂ ਖੇਤਰਾਂ ਵਿੱਚ ਪਰਵਾਸੀ ਪੰਛੀਆਂ ਦੇ ਮਰਨ ਦੇ ਕੋਈ ਖ਼ਬਰ ਨਹੀਂ ਪਰ ਪੰਛੀਆਂ ਵਿੱਚ ਫੈਲ ਰਹੀ ਇਸ ਬਿਮਾਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਜੰਗਲੀ ਜੀਵ ਵਿਭਾਗ ਤੇ ਵਿਸ਼ਵ ਜੰਗਲੀ ਜੀਵਣ ਫੰਡ (WWF) ਦੀਆਂ ਟੀਮਾਂ 24 ਘੰਟੇ ਹਰੀਕੇ ਵੈਟਲੈਂਡ ਤੇ ਨਜ਼ਰ ਬਣਾਏ ਹੋਏ ਹਨ। ਦੱਸ ਦੇਈਏ ਕਿ ਹਰੀਕੇ ਵੈਟਲੈਂਡ ਸਤਲੁਜ ਤੇ ਬਿਆਸ ਦਾ ਸੰਗਮ ਹੈ।

ਰਿਕਾਰਡ ਅਨੁਸਾਰ ਹਰੀਕੇ ਵਿੱਚ ਕਰੀਬ 55,000 ਪੰਛੀ ਸਤੰਬਰ ਤੋਂ 14 ਦਸੰਬਰ 2020 ਦੇ ਵਿਚਕਾਰ ਪ੍ਰਵਾਸ ਕਰਕੇ ਆਏ ਸੀ। ਪ੍ਰਵਾਸੀ ਪੰਛੀ ਜਿਵੇਂ ਕਿ ਹੰਸ, ਬੱਤਖ, ਪੋਕਰੇਡ, ਗੌਲ, ਤਾਰਨ ਤੇ ਪ੍ਰਵਾਸੀ ਰੇਪਟਰ ਤੋਂ ਇਲਾਵਾ, ਹਰੀਕੇ 'ਚ ਕਈ ਸਥਾਨਕ ਸਪੀਸ਼ੀਜ਼ ਜਿਵੇਂ ਪੇਂਟਡ ਸਟੌਰਕ, ਰਫੂਸ-ਵੇਂਟਡ, ਪ੍ਰਿਨੀਆ, ਯੂਰਸੀਅਨ ਈਗਲ ਆਲ, ਜੇਰਡਨਜ਼ ਬੇਬਲਰ, ਆਦਿ ਮੌਜੂਦ ਹਨ। ਇਸੇ ਤਰ੍ਹਾਂ ਕੇਸ਼ੋਪੁਰ ਛਾਂਬ ਵਿਖੇ 30 ਦਸੰਬਰ ਤੱਕ ਕੀਤੀ ਪੰਦਰਵਾੜੇ ਦੀ ਮਰਦਮਸ਼ੁਮਾਰੀ ਵਿੱਚ 21,466 ਪੰਛੀਆਂ ਦੀ ਆਮਦ ਦਾ ਸੁਝਾਅ ਦਿੱਤਾ ਗਿਆ ਸੀ।