ਚੰਡੀਗੜ੍ਹ: ਪੰਜਾਬ 'ਚ ਸਿਆਸੀ ਪਾਰਾ ਸਿਖਰਾਂ 'ਤੇ ਹੈ।25 ਸਾਲਾਂ ਬਾਅਦ ਇਕੱਠੇ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ (AkaliDal) ਅਤੇ ਬਹੁਜਨ ਸਮਾਜ ਪਾਰਟੀ (BSP) ਨੇ ਇੱਕ ਵਾਰ ਫਿਰ ਦੋ ਸੀਟਾਂ ਦੀ ਅਦਲਾ-ਬਦਲੀ ਕੀਤੀ ਹੈ। ਅਕਾਲੀ ਦਲ ਨੇ ਬਸਪਾ ਨੂੰ ਦਿੱਤੀਆਂ ਸੀਟਾਂ ਵਿੱਚੋਂ 2 ਸੀਟਾਂ ਲੈ ਕੇ ਨਵੀਆਂ ਸੀਟਾਂ ਦਿੱਤੀਆਂ ਹਨ। ਇਸ ਬਦਲਾਅ ਤੋਂ ਬਾਅਦ ਹੁਣ ਅਕਾਲੀ ਦਲ ਲੁਧਿਆਣਾ ਉੱਤਰੀ ਅਤੇ ਮੋਹਾਲੀ ਸੀਟ ਤੋਂ ਆਪਣੇ ਉਮੀਦਵਾਰ ਖੜ੍ਹੇ ਕਰੇਗਾ। ਇਨ੍ਹਾਂ ਦੋਵਾਂ ਸੀਟਾਂ ਦੇ ਬਦਲੇ ਸੁਖਬੀਰ ਨੇ ਰਾਏਕੋਟ ਅਤੇ ਦੀਨਾਨਗਰ ਸੀਟਾਂ ਬਸਪਾ ਨੂੰ ਦਿੱਤੀਆਂ ਹਨ।
ਦੋਵਾਂ ਪਾਰਟੀਆਂ ਵਿਚਾਲੇ ਹੋਏ ਸਮਝੌਤੇ ਅਨੁਸਾਰ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ 'ਚੋਂ ਅਕਾਲੀ ਦਲ 97 ਅਤੇ ਬਸਪਾ 20 ਸੀਟਾਂ 'ਤੇ ਚੋਣ ਲੜੇਗੀ। ਇਸ ਗਠਜੋੜ ਤੋਂ ਬਾਅਦ ਦੋਵੇਂ ਪਾਰਟੀਆਂ ਨੇ ਦੂਜੀ ਵਾਰ ਸੀਟਾਂ ਦੀ ਅਦਲਾ-ਬਦਲੀ ਕੀਤੀ ਹੈ।
ਅਕਾਲੀ ਦਲ ਦੀਆਂ ਨਜ਼ਰਾਂ ਲੰਬੇ ਸਮੇਂ ਤੋਂ ਸ਼ਹਿਰੀ ਵੋਟਰਾਂ ਵਾਲੀ ਲੁਧਿਆਣਾ ਉੱਤਰੀ ਵਿਧਾਨ ਸਭਾ ਸੀਟ 'ਤੇ ਟਿਕੀਆਂ ਹੋਈਆਂ ਸਨ। ਇੱਥੇ ਪਾਰਟੀ ਦੇ ਮੀਤ ਪ੍ਰਧਾਨ ਵਿਜੇ ਦਾਨਵ ਅਤੇ ਭਾਜਪਾ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਲੁਧਿਆਣਾ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਆਰਡੀ ਸ਼ਰਮਾ ਟਿਕਟ ਦੀ ਦੌੜ ਵਿੱਚ ਹਨ।
ਸੀਟਾਂ ਦੇ ਤਾਜ਼ਾ ਬਦਲਾਅ ਤੋਂ ਬਾਅਦ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖੁਦ ਇੱਥੇ ਆ ਕੇ ਜਨ ਸਭਾ ਕਰਨ ਜਾ ਰਹੇ ਹਨ। ਇਸ ਦੇ ਲਈ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਦੂਜੇ ਪਾਸੇ ਬਸਪਾ ਨੂੰ ਪਹਿਲਾਂ ਹੋਏ ਸਮਝੌਤੇ ਤਹਿਤ ਲੁਧਿਆਣਾ ਉੱਤਰੀ ਸੀਟ ਮਿਲਣ ਮਗਰੋਂ ਪਾਰਟੀ ਆਗੂ ਗੁਰਮੇਲ ਸਿੰਘ ਜੀਕੇ ਨੂੰ ਇੱਥੇ ਸੰਭਾਵੀ ਉਮੀਦਵਾਰ ਮੰਨਿਆ ਜਾ ਰਿਹਾ ਸੀ। ਜੀ.ਕੇ ਨੇ ਆਪਣੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਪੋਸਟਰ ਲਗਾਏ ਸਨ। ਹੁਣ ਅਚਾਨਕ ਅਕਾਲੀ ਦਲ ਵੱਲੋਂ ਇਹ ਸੀਟ ਲੈਣ ਨਾਲ ਜੀ.ਕੇ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਪਹਿਲਾਂ ਵੀ ਸੀਟਾਂ ਦੀ ਅਦਲਾ-ਬਦਲੀ ਕੀਤੀ ਹੈ। 13 ਜੂਨ, 2021 ਨੂੰ ਦੋਵਾਂ ਪਾਰਟੀਆਂ ਵਿਚਕਾਰ ਗਠਜੋੜ ਦਾ ਐਲਾਨ ਕਰਦਿਆਂ, ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਅੰਮ੍ਰਿਤਸਰ ਉੱਤਰੀ ਅਤੇ ਪਠਾਨਕੋਟ ਜ਼ਿਲ੍ਹੇ ਦੀ ਸੁਜਾਨਪੁਰ ਸੀਟ ਬਸਪਾ ਨੂੰ ਦੇਣ ਦਾ ਐਲਾਨ ਕੀਤਾ ਸੀ। 8 ਸਤੰਬਰ 2021 ਨੂੰ ਅਕਾਲੀ ਦਲ ਨੇ ਬਸਪਾ ਤੋਂ ਇਹ ਦੋਵੇਂ ਸੀਟਾਂ ਵਾਪਸ ਲੈ ਲਈਆਂ ਅਤੇ ਬਦਲੇ ਵਿਚ ਕਪੂਰਥਲਾ ਅਤੇ ਸ਼ਾਮਚੁਰਾਸੀ ਦੀਆਂ ਸੀਟਾਂ ਦਿੱਤੀਆਂ।
ਸੁਖਬੀਰ ਬਾਦਲ ਨੇ ਅੰਮ੍ਰਿਤਸਰ ਉੱਤਰੀ ਤੋਂ ਭਾਜਪਾ ਛੱਡ ਕੇ ਆਏ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਸੁਜਾਨਪੁਰ ਸੀਟ ਤੋਂ ਵੀ ਭਾਜਪਾ ਛੱਡ ਚੁੱਕੇ ਰਾਜ ਕੁਮਾਰ ਗੁਪਤਾ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਹੈ।
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) 25 ਸਾਲਾਂ ਬਾਅਦ ਇਕੱਠੇ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਹਨ। ਦੋਵਾਂ ਪਾਰਟੀਆਂ ਵਿਚਾਲੇ 13 ਜੂਨ 2021 ਨੂੰ ਗਠਜੋੜ ਹੋਇਆ ਸੀ। ਇਸ ਸਮਝੌਤੇ ਤਹਿਤ ਅਕਾਲੀ ਬਾਦਲ ਪੰਜਾਬ ਦੀਆਂ 97 ਵਿਧਾਨ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰਨਗੇ, ਜਦਕਿ ਬਹੁਜਨ ਸਮਾਜ ਪਾਰਟੀ 20 ਸੀਟਾਂ 'ਤੇ ਚੋਣ ਲੜੇਗੀ। ਅਕਾਲੀ ਦਲ ਨੇ ਆਪਣੇ ਹਿੱਸੇ ਦੀਆਂ 97 ਵਿਧਾਨ ਸਭਾ ਸੀਟਾਂ ਵਿੱਚੋਂ 83 ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।